BREAKING NEWS
Search

ਪੰਜਾਬੀਆਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਦਾ ਕੈਨੇਡਾ ਦੇ ਅਲਬਰਟਾ ਸੂਬੇ ਨਾਲ ਵੱਡਾ ਸਮਝੌਤਾ

ਚੰਡੀਗੜ੍ਹ: ਸਿੱਖਿਆ, ਸਿਖਲਾਈ ਅਤੇ ਹੁਨਰ ਵਿਕਾਸ ਸੈਕਟਰ ਨੂੰ ਅੱਗੇ ਹੋਰ ਹੁਲਾਰਾ ਦੇਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੈਨੇਡਾ ਦੇ ਐਲਬਰਟਾ ਸੂਬੇ ਦੀ ਸਰਕਾਰ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਦੋਵੇਂ ਧਿਰਾਂ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਊਰਜਾ, ਖੇਤੀ, ਵਾਤਾਵਰਣ ਪ੍ਰਬੰਧਨ, ਤਕਨਾਲੋਜੀ, ਏਅਰੋ ਸਪੇਸ, ਡਿਫੈਂਸ, ਪ੍ਰਾਹੁਣਚਾਰੀ ਤੇ ਪ੍ਰਚੂਨ ਦੇ ਹੋਰ ਪ੍ਰਾਥਮਿਕ ਖੇਤਰਾਂ ਵਿੱਚ ਸਹਿਯੋਗ ਕਰਨ ਦੇ ਵਾਸਤੇ ਸੰਭਾਵਨਾਵਾਂ ਤਲਾਸ਼ਣ ਲਈ ਸਹਿਮਤ ਹੋ ਗਈਆਂ ਹਨ। ਇਸ ਸਹਿਮਤੀ ਪੱਤਰ ’ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਤੇ ਐਲਬਰਟਾ ਸਰਕਾਰ ਦੇ ਚੀਫ ਅਸਿਸਟੈਂਟ ਡਿਪਟੀ ਮਨਿਸਟਰ ਮੈਥਿਯੂ ਮੈਸ਼ਿਲਸ ਨੇ ਹਸਤਾਖ਼ਰ ਕੀਤੇ।

ਕੈਪਟਨ ਅਮਰਿੰਦਰ ਸਿੰਘ ਨੇ ਅਫੀਮ ਦੀ ਆਦਤ ਨਾਲ ਨਿਪਟਨ ਵਾਸਤੇ ਤਜਰਬੇ ਅਤੇ ਮੁਹਾਰਤ ਪ੍ਰਾਪਤ ਕਰਨ ਲਈ ਐਲਬਰਟਾ ਸਰਕਾਰ ਨਾਲ ਸਾਂਝ ਪੈਦਾ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ ਨੂੰ ਆਖਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਹਿਮਤੀ ਪੱਤਰ ਮੁੱਖ ਤੌਰ ’ਤੇ ਸਿਖਲਾਈ ਅਤੇ ਹੁਨਰ ਵਿਕਾਸ ਦੇ ਲਈ ਸਮਰਥਾ ਨਿਰਮਾਣ ਵਿੱਚ ਵਾਧਾ ਕਰਨ ਵਾਸਤੇ ਵਿਸ਼ਾ ਮਾਮਲਿਆਂ ਦੇ ਮਾਹਰਾਂ ਦੇ ਵਧੀਆ ਅਮਲ ਅਤੇ ਰੁਝੇਵੇਂ ਦੇ ਅਦਾਨ-ਪ੍ਰਦਾਨ ’ਤੇ ਮੁੱਢਲੇ ਰੂਪ ਵਿੱਚ ਕੇਂਦਰਿਤ ਹੋਵੇਗਾ। ਵਪਾਰ, ਸਿੱਖਿਆ ਅਤੇ ਤਕਨਾਲੋਜੀ ਦੀ ਸਿਖਲਾਈ ਦੇ ਨਾਲ ਵਪਾਰਕ ਅਤੇ ਸਰਕਾਰ ਦੇ ਮਿਸ਼ਨ ਅਤੇ ਟੂਰ ਵੀ ਇਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਇਹ ਸਹਿਮਤੀ ਪੱਤਰ ਨਵਿਆਉਣਯੋਗ ਅਤੇ ਆਪਸੀ ਸਹਿਯੋਗ ਲਈ ਸਾਂਝੇ ਖੋਜ ਮੌਕਿਆਂ ਅਤੇ ਉਭਰ ਰਹੀ ਤਕਨਾਲੋਜੀ ਵਾਸਤੇ ਰਣਨੀਤਕ ਸਲਾਹ ਮੁਹੱਈਆ ਕਰਵਾਏਗਾ। ਭਾਰਤੀ ਅਤੇ ਕੈਨੇਡੀਅਨ ਸਮਾਜ ਦੇ ਪੂਰਕ ਸੁਭਾਅ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਇੰਜੀਨੀਅਰਿੰਗ ਵਰਗੇ ਹੋਰ ਦੁਵੱਲੀ ਮਹੱਤਤਾ ਦੇ ਅਹਿਮ ਖੇਤਰਾਂ ਵਿੱਚ ਮੌਜੂਦਾ ਸੂਚਨਾ ਪ੍ਰਭਾਵੀ ਤਰੀਕੇ ਨਾਲ ਸਾਂਝੀ ਕਰਨ ਦੀ ਜ਼ਰੂਰਤ ’ਤੇ ਜੋਰ ਦਿੱਤਾ ਤਾਂ ਜੋ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਕੈਪਟਨ ਅਮਰਿੰਦਰ ਨੇ ਕੈਨੇਡਾ ਦੇ ਮੰਤਰੀ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਹੋਰ ਸਿੱਖਿਆ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਤਾਂ ਜੋ ਸਿੱਖਿਆ ਨੀਤੀ ਘਾੜਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਿੱਖਣ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ।

ਰੁਜ਼ਗਾਰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੇ ਸਸ਼ਕਤੀਕਰਨ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਵੱਖ-ਵੱਖ ਸੂਬਾਈ ਨਸ਼ਾ ਰੋਕਥਾਮ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ ਡੈਪੋ ਅਤੇ ਬੱਡੀ ਵਰਗੇ ਪ੍ਰੋਗਰਾਮ ਵੀ ਸ਼ਾਮਲ ਹਨ ਜੋ ਪ੍ਰਭਾਵਿਤ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਮਹੱਤਵਪੂਰਨ ਸਾਬਤ ਹੋਏ ਹਨ। ਸੂਬਾ ਸਰਕਾਰ ਨੇ 160 ਓ.ਓ.ਏ.ਟੀ. ਕਲੀਨਿਕ ਸਥਾਪਤ ਕੀਤੇ ਹਨ ਜਿੱਥੇ ਨਸ਼ਿਆਂ ਨਾਲ ਪ੍ਰਭਾਵਿਤ ਨੌਜਵਾਨਾਂ ਦਾ ਪ੍ਰਭਾਵੀ ਇਲਾਜ ਕਰਵਾਇਆ ਜਾ ਰਿਹਾ ਹੈ। ਸਿੱਖਿਆ, ਬਾਗਬਾਨੀ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਮੁਹਾਰਤ ਅਤੇ ਤਕਨਾਲੋਜੀ ਦੇ ਤਬਾਦਲੇ ਰਾਹੀਂ ਪੰਜਾਬ ਦੀ ਹਰ ਮਦਦ ਕਰਨ ਅਤੇ ਸਹਿਯੋਗ ਦੇਣ ਦਾ ਦੌਰੇ ’ਤੇ ਆਏ ਕੈਨੇਡਾ ਦੇ ਮੰਤਰੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ।



error: Content is protected !!