ਔਰਤਾਂ ਦੀਆਂ ਸਲਵਾਰਾਂ ਹੋ ਰਹੀਆਂ ਚੋਰੀ
ਖਡੂਰ ਸਾਹਿਬ (ਗਿੱਲ) : ਹਲਕਾ ਬਾਬਾ ਬਕਾਲਾ ਦੇ ਪਿੰਡ ਰਾਮਪੁਰ ਭੂਤਵਿੰਡ ਵਿਖੇ ਅਨੌਖੀਆਂ ਚੋਰੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨਾਂ ਤੋਂ ਪਿੰਡ ਵਿਚ ਔਰਤਾਂ ਦੀਆਂ ਸਲਵਾਰਾਂ ਚੋਰੀ ਹੋ ਰਹੀਆਂ ਹਨ ਅਤੇ ਬੀਤੇ ਕੱਲ ਪਿੰਡ ਦੀ ਇਕ ਖਾਲੀ ਜਗ੍ਹਾ ਉਪਰ ਸਲਵਾਰਾਂ ਦਾ ਢੇਰ ਲੱਗਾ ਮਿਲਿਆ ਜਿਨ੍ਹਾਂ ਉਪਰ ਖੂਨ ਦੇ ਦਾਗ ਅਤੇ ਕੋਲ ਇਕ ਕਾਲੇ ਤੇਲ ਦੀ 2 ਲੀਟਰ ਦੀ ਬੋਤਲ ਮੌਜੂਦ ਸੀ ਜਿਸਨੂੰ ਪਿੰਡ ਦੇ ਕੁਝ ਲੋਕਾਂ ਵਲੋਂ ਨਹਿਰ ਵਿਚ ਸੁੱਟ ਦਿੱਤਾ ਗਿਆ। ਇਸ ਦੌਰਾਨ ਸ਼ੁੱਕਰਵਾਰ ਦੀ ਰਾਤ 9 ਵਜੇ ਦੇ ਕਰੀਬ ਕਿਸੇ ਦਾ ਘਰ ਜੋ ਬੰਦ ਸੀ, ਦੀ ਛੱਤ ਉਪਰ ਦੋ ਵਿਅਕਤੀ ਦੇਖੇ ਗਏ ਜਦੋਂ ਕੁਝ ਪਿੰਡ ਵਾਸੀ ਉਸ ਘਰ ਵਿਚ ਪਹੁੰਚੇ ਤਾਂ ਉਥੇ ਕੋਈ ਵਿਅਕਤੀ ਤਾਂ ਨਹੀਂ ਮਿਲਿਆ ਪਰ ਉਸ ਘਰ ‘ਚੋਂ ਇਕ ਕਾਲੇ ਤੇਲ ਦੀ ਬੋਤਲ ਅਤੇ ਇਕ ਦਰੇਕ ਦੇ ਦਰੱਖਤ ਦਾ ਡੰਡਾ ਮਿਲਿਆ ਜਿਸ ਨਾਲ ਉਹ ਖਿੜਕੀ ਵਿਚੋਂ ਦੀ ਸਲਵਾਰਾਂ ਕੱਢ ਰਹੇ ਸਨ ਅਤੇ 3 ਚਾਰ ਸਲਵਾਰਾਂ ਮੰਜੇ ਉਪਰ ਪਈਆਂ ਹੋਈਆਂ ਸਨ।
ਇਸ ਅਨੌਖੀ ਚੋਰੀ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਇਸ ਘਟਨਾਵਾਂ ਨੂੰ ਜਾਦੂ ਟੂਣੇ ਨਾਲ ਜੋੜ ਕੇ ਦੇਖ ਰਹੇ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਲਵਾਰ ਚੋਰੀ ਦੀਆਂ ਘਟਨਾਵਾਂ ਦਾ ਸੱਚ ਸਾਹਮਣੇ ਆਉਂਦਾ ਹੈ ਜਾਂ ਰਹੱਸ ਹੀ ਰਹਿ ਜਾਵੇਗਾ।
ਕੀ ਕਹਿਣਾ ਹੈ ਪੁਲਸ ਦਾ
ਇਸ ਸੰਬੰਧੀ ਜਦੋਂ ਥਾਣਾ ਵੈਰੋਵਾਲ ਦੇ ਐੱਸ. ਐੱਚ. ਓ. ਸਮਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਹੀ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਫਿਲਹਾਲ ਅਜੇ ਤਕ ਇਸ ਸੰਬੰਧੀ ਕਿਸੇ ਵਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜੇਕਰ ਉਨ੍ਹਾਂ ਕੋਲ ਇਸ ਸੰਬੰਧੀ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਪੁਲਸ ਵਲੋਂ ਕਾਰਵਾਈ ਕੀਤੀ ਜਾਵੇਗੀ।
ਤਾਜਾ ਜਾਣਕਾਰੀ