ਆਸ਼ਿਕ ਤੋਂ ਕਰਵਾਇਆ ਪਤੀ ਦਾ ਕਤਲ
ਤਰਨਤਾਰਨ: ਸਥਾਨਕ ਸ਼ਹਿਰ ਦੇ ਇਕ ਵਕੀਲ ਕੋਲ ਕੰਮ ਕਰਦੇ ਕਲਰਕ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਲਾਸ਼ ਦੋ ਦਿਨਾਂ ਬਾਅਦ ਇਕ ਸੂਏ ਤੋਂ ਮਿਲੀ। ਜਿਸ ਤੋਂ ਬਾਅਦ ਪੁਲਸ ਵਲੋਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਨੂੰ ਕਤਲ ਕੇਸ ‘ਚ ਨਾਮਜ਼ਦ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਹੈ ਜਦਕਿ ਤਿੰਨ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਜੋਧਪੁਰ ਰੋਡ ਤਰਨਤਾਰਨ ਦਾ ਵੱਡਾ ਭਰਾ ਅਮਰਜੀਤ ਸਿੰਘ (37) ਜੋ ਇਕ ਵਕੀਲ ਦੇ ਦਫਤਰ ‘ਚ ਬਤੌਰ ਕਲਰਕ ਕੰਮ ਕਰਦਾ ਸੀ, 21 ਮਈ ਦੀ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਲਾਪਤਾ ਦੀ ਰਿਪੋਰਟ ਦਰਜ ਕਰਵਾਈ ਗਈ।
ਜਿਸ ਤੋਂ ਬਾਅਦ 22 ਮਈ ਦੀ ਦੇਰ ਸ਼ਾਮ ਨੂੰ ਅਮਰਜੀਤ ਸਿੰਘ ਦੀ ਲਾਸ਼ ਥਾਣਾ ਸਦਰ ਅਧੀਨ ਆਉਂਦੇ ਪਿੰਡ ਜੋਧਪੁਰ ਨਜ਼ਦੀਕ ਹਸਲੀ ਤੋਂ ਬਰਾਮਦ ਹੋਣ ਉਪਰੰਤ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਕੀ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਆਪਣੇ ਗੁਆਂਢ ‘ਚ ਰਹਿੰਦੇ ਇਕ ਫੌਜੀ ਨਾਲ ਕਰੀਬ 10 ਮਹੀਨਿਆਂ ਤੋ ਨਾਜਾਇਜ਼ ਸਬੰਧ ਸਨ।
ਥਾਣਾ ਸਦਰ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੇ ਆਪਸੀ ਸਬੰਧਾਂ ਦੇ ਚੱਕਰ ‘ਚ ਦੋਹਾਂ ਦੇ ਇਕ ਸਾਜ਼ਿਸ਼ ਤਹਿਤ ਅਮਰਜੀਤ ਸਿੰਘ ਨੂੰ ਕੁਝ ਹੋਰ ਵਿਅਕਤੀਆਂ ਦੀ ਮਦਦ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਇਕ ਸੂਏ ਵਿਚ ਸੁੱਟ ਦਿੱਤਾ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਨੇ ਘਰ ਵਿਚ ਅਮਰਜੀਤ ਸਿੰਘ ਦੇ ਲਾਪਤਾ ਹੋਣ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ।
ਥਾਣਾ ਮੁੱਖੀ ਨੇ ਦੱਸਿਆ ਕਿ ਉਨ੍ਹਾਂ ਵਲੋ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੋਸ਼ੀ ਫੌਜੀ ਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ