ਕਪੂਰਥਲਾ — ਸ਼ਨੀਵਾਰ ਨੂੰ ਚਾਰਬੱਤੀ ਚੌਕ ਦੇ ਨਜ਼ਦੀਕ ਸਕੂਲੀ ਬੱਸ ਨੂੰ ਸੜਕ ਕੰਡੇ ਖੜ੍ਹੀ ਕਰਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਵਾਲੇ ਬੱਸ ਡਰਾਈਵਰ ਦੇ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਰੇ ਗਏ ਨੌਜਵਾਨ ਦੇ ਪਿਤਾ ਦੇ ਬਿਆਨਾਂ ‘ਤੇ ਸਿਟੀ ਪੁਲਸ ਨੇ ਬੀਤੇ ਸਾਲ ਸ਼ਹਿਰ ਦੇ ਇਕ ਸਕੂਲ ਤੋਂ ਪੜ੍ਹਾਈ ਪੂਰੀ ਕਰਕੇ ਨਿਕਲੀ ਇਕ ਲੜਕੀ ਖਿਲਾਫ ਖੁਦਕੁਸ਼ੀ ਲਈ ਉਕਸਾਨ ਦਾ ਮਾਮਲਾ ਦਰਜ ਕਰ ਲਿਆ। ਫਿਲਹਾਲ ਮੁਲਜ਼ਮ ਲੜਕੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਮਾਰਗ ‘ਤੇ ਪੈਂਦੇ ਚਾਰਬੱਤੀ ਚੌਕ ਦੇ ਨਜ਼ਦੀਕ ਇਕ ਸਕੂਲ ਦੀ ਬੱਸ ਦੇ ਡਰਾਈਵਰ ਮਨਜਿੰਦਰ ਸਿੰਘ ਨੇ ਬੱਸ ਨੂੰ ਸੜਕ ਦੇ ਕੰਢੇ ਖੜ੍ਹੀ ਕਰਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਜਿਸ ਦੀ ਇਲਾਜ ਦੇ ਦੌਰਾਨ ਸਿਵਲ ਹਸਪਤਾਲ ਕਪੂਰਥਲਾ ‘ਚ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਉਸ ਸਮੇਂ ਹੈਰਾਨ ਕਰਨ ਵਾਲਾ ਮੋੜ ਸਾਹਮਣੇ ਆਇਆ, ਜਦੋਂ ਮ੍ਰਿਤਕ ਮਨਜਿੰਦਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਸਿਟੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੇ ਲੜਕੇ 25-26 ਦਿਨ ਪਹਿਲਾਂ ਪਿੰਡ ਪੰਡੋਰੀ ਜ਼ਿਲਾ ਤਰਨਤਾਰਨ ‘ਚ ਵਿਆਹ ਹੋਇਆ ਸੀ। ਵਿਆਹ ਦੇ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਲੜਕੇ ਨੂੰ ਸ਼ਹਿਰ ਦੇ ਇਕ ਸਕੂਲ ਤੋਂ ਬੀਤੇ ਸਾਲ ਪੜ੍ਹ ਕੇ ਨਿਕਲੀ ਇਕ ਲੜਕੀ ਜੋ ਕਿ ਤਲਵੰਡੀ ਚੌਧਰੀਆਂ ਖੇਤਰ ਦੇ ਇਕ ਪਿੰਡ ਨਾਲ ਸਬੰਧਤ ਹੈ, ਦੇ ਨਾਲ ਉਸ ਦੇ ਬੇਟੇ ਮਨਜਿੰਦਰ ਸਿੰਘ ਦੇ ਪ੍ਰੇਮ ਸੰਬੰਧ ਸਨ ਅਤੇ ਉਕਤ ਲੜਕੀ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਰਹੀ ਸੀ।
ਇਸ ਦੌਰਾਨ ਜਦੋਂ ਸ਼ਨੀਵਾਰ ਨੂੰ ਉਸ ਦਾ ਲੜਕਾ ਬੱਸ ਚਲਾਉਣ ਲਈ ਸਕੂਲ ਗਿਆ ਤਾਂ ਸਵੇਰੇ 8.30 ਵਜੇ ਉਸ ਦੇ ਘਰ ਵਾਲੇ ਮੋਬਾਇਲ ਫੋਨ ‘ਤੇ ਉਕਤ ਲੜਕੀ ਨੇ ਫੋਨ ਕਰ ਕੇ ਮਨਜਿੰਦਰ ਸਿੰਘ ਵੱਲੋਂ ਜ਼ਹਿਰੀਲਾ ਨਿਗਲਣ ਦੇ ਸਬੰਧ ਵਿਚ ਸੂਚਨਾ ਦਿੱਤੀ। ਜਿਸ ਦੌਰਾਨ ਜਦੋਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਿਵਲ ਹਸਪਤਾਲ ਕਪੂਰਥਲਾ ਪਹੁੰਚਿਆ ਤਾਂ ਉਕਤ ਲੜਕੀ ਮੌਕੇ ਤੋਂ ਜਾ ਚੁੱਕੀ ਸੀ ਅਤੇ ਉਸ ਦੇ ਲੜਕੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ। ਕੁਲਦੀਪ ਸਿੰਘ ਨੇ ਇਲਜ਼ਾਮ ਲਾਇਆ ਕਿ ਉਸ ਦੇ ਲੜਕੇ ਮਨਜਿੰਦਰ ਸਿੰਘ ਨੇ ਉਕਤ ਲੜਕੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ । ਜਿਸ ‘ਤੇ ਸਿਟੀ ਪੁਲਸ ਨੇ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਉਕਤ ਲੜਕੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਫਿਲਹਾਲ ਮੁਲਜ਼ਮ ਲੜਕੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਤਾਜਾ ਜਾਣਕਾਰੀ