ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ ਲੈ ਰਹੇ ਨੇ ਇਹ ਖਾਣਾ
ਨਵਾਂਸ਼ਹਿਰ (ਤ੍ਰਿਪਾਠੀ)— ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਕਹਿਰ ਨੇ ਅੱਜ ਸਮੂਚੇ ਸੰਸਾਰ ਦੇ ਕਰੀਬ 190 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਸੰਸਾਰ ਭਰ ‘ਚ ਜਿੱਥੇ ਕੋਰੋਨਾ ਪਾਜ਼ੀਟਿਵ ਮਰੀਜਾਂ ਦੀ ਗਿਣਤੀ 8.19 ਲੱਖ ਤੋਂ ਵੱਧ ਹੋ ਗਈ ਹੈ ਤਾਂ ਉੱਥੇ ਹੀ 39,796 ਲੋਕ ਇਸ ਵਾਇਰਸ ਦੀ ਭੇਂਟ ਚੜ੍ਹ ਚੁੱਕੇ ਹਨ। ਉੱਥੇ ਹੀ ਭਾਰਤ ‘ਚ ਪਾਜ਼ੀਟਿਵ ਮਰੀਜਾਂ ਦੀ ਗਿਣਤੀ ‘ਚ ਵਾਧਾ ਹੁੰਦਾ ਜਾ ਰਿਹਾ ਹੈ।
ਪੰਜਾਬ ਦੇ ਨਵਾਂਸ਼ਹਿਰ ‘ਚ ਕੋਰੋਨਾ ਵਾਇਰਸ ਦੇ ਚਲਦੇ ਪਹਿਲੀ ਮੌਤ ਹੋਈ ਸੀ, ਜਿਸ ਉਪਰੰਤ ਹੁਣ ਤੱਕ ਪੰਜਾਬ ‘ਚ ਕੋਰੋਨਾ ਵਾਇਰਸ ਨੇ 4 ਲੋਕਾਂ ਦੀ ਜਾਨ ਲੈ ਲਈ ਹੈ, ਤਾਂ ਉੱਥੇ ਹੀ 45 ਪਾਜ਼ੀਟਿਵ ਮਾਮਲਿਆਂ ‘ਚੋਂ 19 ਮਾਮਲੇ ਨਵਾਂਸ਼ਹਿਰ ਨਾਲ ਸੰਬੰਧਤ ਹਨ। ਹੁਸ਼ਿਆਰਪੁਰ ਅਤੇ ਜਲੰਧਰ ਕ੍ਰਮਵਾਰ 6 ਅਤੇ 5 ਮਾਮਲਿਆਂ ‘ਚੋਂ ਵੀ ਵੱਧੇਰੇ ਦਾ ਸੰਬੰਧੀ ਨਵਾਂਸ਼ਹਿਰ ਵਿਖੇ ਪਾਜ਼ੀਟਿਵ ਪਾਏ ਗਏ ਮਾਮਲਿਆਂ ਨਾਲ ਸੰਬੰਧ ਰੱਖਦਾ ਹੈ।
ਨਵਾਂਸ਼ਹਿਰ ਦੇ ਸਿਵਲ ਹਸਪਤਾਲ ‘ਚ 19 ਪਾਜ਼ੀਟਿਵ ਮਰੀਜ਼ਾਂ ਦਾ ਚੱਲ ਰਿਹੈ ਇਲਾਜ
ਨਵਾਂਸ਼ਹਿਰ ਦੇ 19 ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੰਸਾਰ ਭਰ ‘ਚ ਜਿੱਥੇ 1.73 ਲੱਖ ਕੋਰੋਨਾ ਪਾਜ਼ੀਟਿਵ ਮਰੀਜਾਂ ਦੇ ਰਿਕਵਰ ਹੋਣ ਨਾਲ ਜ਼ੇਰੇ ਇਲਾਜ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ‘ਚ ਇਕ ਆਸ ਦੀ ਨਵੀਂ ਕਿਰਨ ਪੈਦਾ ਹੋਈ ਹੈ ਤਾਂ ਉੱਥੇ ਹੀ ਪੰਜਾਬ ‘ਚ ਵੀ 1 ਮਰੀਜ ਰਿਕਵਰ ਹੋ ਕੇ ਆਪਣੇ ਘਰ ਚਲਾ ਗਿਆ ਹੈ, ਜਦੋਂਕਿ ਦੇਸ਼ ‘ਚ ਅਜਿਹੇ ਮਰੀਜਾਂ ਦੀ ਗਿਣਤੀ 102 ਹੈ।
ਸ਼੍ਰੀ ਸਿੰਘ ਸਭਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਿਭਾ ਰਹੀ 19 ਮਰੀਜ਼ਾਂ ਦੇ ਪੌਸ਼ਟਿਕ ਖਾਣੇ ਦੀ ਸੇਵਾ
ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ 19 ਪਾਜ਼ੀਟਿਵ ਮਰੀਜ਼ਾਂ ‘ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਨਜ਼ਰ ਹੈ, ਸਗੋਂ ਜ਼ਿਲੇ ਭਰ ਦੇ ਲੋਕ ਵੀ ਉਨ੍ਹਾਂ ਦੀ ਪੁਰੀ ਤਰ੍ਹਾਂ ਰਿਕਵਰੀ ਹੋਣ ਦੇ ਸਮਾਚਾਰ ਦੀ ਉਡੀਕ ਕਰ ਰਹੇ ਹਨ। ਸ਼੍ਰੀ ਸਿੰਘ ਸਭਾ ਗੁਰੂਦੁਆਰਾ ਨਵਾਂਸ਼ਹਿਰ ਵੱਲੋਂ ਉਪਰੋਕਤ ਸਾਰੇ 19 ਮਰੀਜਾਂ ਦੇ 3 ਸਮੇਂ ਦੇ ਪੌਸ਼ਟਿਕ ਖਾਣੇ ਦੀ ਸੇਵਾ ਨਿਭਾ ਰਿਹਾ ਹੈ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਮੱਖਣ ਸਿੰਘ ਗਰੇਵਾਲ ਨੇ ਦੱਸਿਆ ਕਿ ਸਵੇਰੇ ਡਾਕਟਰਾਂ ਦੀ ਪ੍ਰਵਾਨਗੀ ‘ਤੇ ਜਿੱਥੇ ਬ੍ਰੈੱਡ ਜੈਮ, ਮੱਖਣ ਅਤੇ ਫਰੂਟ ਚਾਟ ਦੀ ਸੇਵਾ ਕੀਤੀ ਜਾਂਦੀ ਹੈ ਤਾਂ ਉਥੇ ਹੀ ਦੁਪਹਿਰ ਦੇ ਖਾਣੇ ‘ਚ ਦਾਲ-ਸਬਜੀ ਸਲਾਦ ਆਦਿ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਰਾਤ ਦੇ ਖਾਣੇ ‘ਚ ਛੋਲਿਆਂ ਦੀ ਤਰੀ ਆਦਿ ਦਾਲਾਂ ਸਣੇ ਰੋਟੀ ਦੀ ਸੇਵਾ ਕੀਤੀ ਜਾ ਰਹੀ ਹੈ। ਗਰੇਵਾਲ ਨੇ ਦੱਸਿਆ ਕਿ ਸੇਵਾ ਦੇਣ ਲਈ ਜਾਣ ਵਾਲੇ ਸੇਵਾਦਾਰਾਂ ਦੀ ਜ਼ੇਰੇ ਇਲਾਜ ਮਰੀਜਾਂ ਨਾਲ ਗੱਲਬਾਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਜ਼ੀਟਿਵ ਮਰੀਜ਼ਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਖੁਦ ਨੂੰ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਕਰ ਰਹੇ ਹਨ।
ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਸ ਹੈ ਕਿ ਜਲਦ ਹੀ ਜੇਰੇ ਇਲਾਜ ਮਰੀਜ਼ਾਂ ਨੂੰ ਮੈਡੀਕਲ ਟੀਮਾਂ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋਣ ਦਾ ਸਮਾਚਾਰ ਮਿਲਣ ਉਪਰੰਤ ਉਨ੍ਹਾਂ ਨੂੰ ਘਰ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਸਪਤਾਲ ‘ਚ 9 ਹੋਰ ਸ਼ੱਕੀ ਮਰੀਜ਼ ਵੀ ਕੁਆਰੰਟੀਨ ਕੀਤੇ ਗਏ ਸਨ, ਨੂੰ ਵੀ ਗੁਰੂਦੁਆਰਾ ਸਾਹਿਬ ਵੱਲੋਂ ਹੀ ਖਾਣਾ ਦਿੱਤਾ ਜਾ ਰਿਹਾ ਸੀ, ਤੋ ਹੁਣ ਤੰਦਰੁਸਤ ਹੋ ਕੇ ਘਰ ਚਲੇ ਗਏ ਹਨ।
ਤਾਜਾ ਜਾਣਕਾਰੀ