=== console.log('header!'); // Easy to add and display post grid on your website with or without categoryies filter. Also work with Gutenberg shortcode block.

ਨਤੀਜਾ ਲਿਸਟ ਵਿਚ ਮੇਰਾ ਨਾਮ ਨਹੀਂ ਸੀ.. ਮੈਂ ਪੱਥਰ ਹੋ ਗਿਆ

ਨਤੀਜਾ ਲਿਸਟ ਵਿਚ ਮੇਰਾ ਨਾਮ ਨਹੀਂ ਸੀ..ਮੈਂ ਪੱਥਰ ਹੋ ਗਿਆ..ਪਾਸ ਹੋ ਗਏ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ..ਦਿੱਲ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਮੇਰੀ ਮਾਂ..ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ..ਸਾਰੇ ਜਹਾਨ ਦੀਆਂ ਝਿੜਕਾਂ ਅਤੇ ਮੇਹਣੇ ਆਪਣੇ ਵਜੂਦ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..ਅਮ੍ਰਿਤਧਾਰੀ ਸੀ ਪਰ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਂਦੀਪਰ ਜਦੋਂ ਵੀ ਮੌਕਾ ਮਿਲਦਾ ਸ਼ਹੀਦਾਂ ਸਾਬ ਜਾ ਕੇ ਇਹੋ ਅਰਦਾਸ ਕਰਿਆ ਕਰਦੀ ਕੇ ਮੇਰੇ ਪੁੱਤ ਦੀ ਰਾਖੀ ਕਰਨੀ..!

ਸੋਚਾਂ ਵਿਚ ਪਿਆ ਮੈਂ ਭੰਡਾਰੀ ਪੁਲ ਹੇਠ ਰੇਲਵੇ ਲਾਈਨ ਦੇ ਨਾਲ ਪਈ ਪੱਥਰ ਦੀ ਸਿਲ ਤੇ ਆਣ ਬੈਠਾ..ਮੈਂ ਲਗਪਗ ਆਪਣਾ ਮਨ ਬਣਾ ਚੁਕਿਆ ਸਾਂ..ਏਨੇ ਨੂੰ ਪੰਜ ਵਜੇਵਾਲੀ ਸ਼ਤਾਬਦੀ ਦਾ ਟਾਈਮ ਹੋ ਗਿਆ..ਮੈਂ ਕਿਆਸੇ ਲਾ ਰਿਹਾ ਸੀ..ਬੱਸ ਥੋੜੀ ਜਿਹੀ ਪੀੜ ਹੋਵੇਗੀ ਤੇ ਜਮਾਨੇ ਭਰ ਦੀਆਂ ਮੁਸ਼ਕਿਲ ਤੋਂ ਸਦਾ ਲਈ ਨਿਜਾਤ..!
ਏਨੇ ਨੂੰ ਗੱਡੀ ਤੁਰ ਪਈ..ਤੇ ਨਾਲ ਹੀ ਤੁਰ ਪਿਆ ਮੇਰਾ ਵਜੂਦ ਵੀ..ਹੌਲੇ ਕਦਮੀਂ ਪਟੜੀ ਵੱਲ ਵਧਿਆ..ਬਕਾਇਦਾ ਪਲੈਨ ਸੀ ਕੇ ਇੰਜਣ ਤੋਂ ਬਾਅਦ ਦੂਜੇ ਡੱਬੇ ਅੱਗੇ ਸ਼ਾਲ ਮਾਰ ਦੇਣੀ ਸੀ..!

ਪਰ ਅਚਾਨਕ ਗੱਡੀ ਕੁਝ ਹੌਲੀ ਹੋ ਗਈ..ਡਰਾਈਵਰ ਨੂੰ ਸ਼ਾਇਦ ਅੰਦਾਜਾ ਹੋ ਗਿਆ ਸੀ ਕੇ ਮੇਰੇ ਮਨ ਵਿਚ ਕੀ ਚੱਲ ਰਿਹਾ ਏ..ਉਸਨੇ ਵਿਸਲਾਂ ਮਾਰੀਆਂ..ਜ਼ੋਰ ਦੀ ਬ੍ਰੇਕ ਵੀ ਲਾ ਦਿੱਤੀ…ਪਰ ਲੋਹੇ ਦਾ ਪਹਾੜ ਛੇਤੀ ਕੀਤੀਆਂ ਕਿਥੇ ਰੁਕਦਾ..ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਪਿਛਾਂਹ ਖਿੱਚ ਲਿਆ..ਮੁੜ ਕੇ ਦੇਖਿਆ ਤਾਂ ਉਚੇ ਲੰਮੇ ਬਾਬਾ ਜੀ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ ਆਖਣ ਲੱਗੇ “ਇੰਜ ਨੀ ਕਰੀਦਾ ਪੁੱਤ..ਮੁਸ਼ਕਿਲਾਂ ਤੋਂ ਡਰੀਦਾ ਥੋੜੀ ਏ”

ਮੈਂ ਓਹਨਾ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਏਨੇ ਨੂੰ ਗੱਡੀ ਵੀ ਲੰਘ ਗਈ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਓਹਨਾ ਦਾ..!
ਉਹ ਮੈਂਨੂੰ ਮੋਢਿਆਂ ਤੋਂ ਫੜ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ..ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕੇ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ..ਤੈਨੂੰ ਕੋਈ ਤੇਰਾ ਆਪਣਾ ਓਥੇ ਬੈਠਾ ਉਡੀਕੀ ਜਾਂਦਾ ਏ..

ਮੈਨੂੰ ਨੀ ਪਤਾ ਕੇ ਉਹ ਬਾਬਾ ਜੀ ਕੌਣ ਸਨ? ਕਿਥੋਂ ਆਏ? ਤੇ ਮੁੜ ਕਿੱਧਰ ਨੂੰ ਚਲੇ ਗਏ?ਗੁਰੂ ਰਾਮਦਾਸ ਦੇ ਦਰਸ਼ਨ ਕਰਕੇ ਜਦੋਂ ਲੰਗਰ ਹਾਲ ਵਿਚ ਪ੍ਰਸ਼ਾਦਾ ਸ਼ਕਣ ਬੈਠ ਗਿਆ ਤਾਂ ਸਾਮਣੇ ਬੈਠੀ ਮਾਂ ਦਿਸ ਪਈ..ਮੈਂ ਨਿੱਕੇ ਬਾਲ ਵਾਂਙ ਧੂਹ ਕੇ ਉਸਨੂੰ ਜਾ ਜੱਫੀ ਪਾਈ..ਕਿੰਨੀ ਦੇਰ ਉਸਦੀ ਬੁੱਕਲ ਵਿਚ ਸਿਰ ਦੇ ਕੇ ਰੋਂਦਾ ਰਿਹਾ..

ਫੇਰ ਜਦੋਂ ਕਠਿਆਂ ਬੈਠ ਲੰਗਰ ਛਕਿਆ ਤਾਂ ਇੰਜ ਲੱਗਾ ਜਿਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦੀ ਹਮੇਸ਼ਾ ਲਈ ਤ੍ਰਿਪਤੀ ਹੋ ਗਈ ਹੋਵੇ!ਅੱਜ ਤਕਰੀਬਨ ਵੀਹ ਸਾਲ ਹੋ ਗਏ ਨੇ ਇਸ ਗੱਲ ਨੂੰ..ਜਦੋਂ ਵੀ ਅਮਰੀਕਾ ਤੋਂ ਮੁੜਦਿਆਂ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਜਾਣ ਬੁਝ ਕੇ ਰੇਲ ਗੱਡੀ ਹੀ ਫੜਦਾ ਹਾਂ..ਤਾਂ ਕੇ ਅੰਬਰਸਰ ਪੁੱਜ ਭੰਡਾਰੀ ਪੁਲ ਹੇਠ ਪਈ ਓਸੇ ਸਿਲ ਨੂੰ ਦੇਖ ਸਕਾਂ ਜਿਥੇ ਬਹੁਤ ਸਾਲ ਪਹਿਲਾਂ ਮੇਰਾ ਪੁਨਰ ਜਨਮ ਹੋਇਆ ਸੀ!

ਅਮ੍ਰਿਤਸਰ ਥਾਂ ਥਾਂ ਖਲੋਤੇ ਓਹੀ ਬਾਬਾ ਜੀ ਵਰਗੇ ਅਨੇਕਾਂ ਵਜੂਦ ਮੈਨੂੰ ਦਰਬਾਰ ਸਾਬ ਦੇ ਦਰਸ਼ਨਾਂ ਲਈ ਪ੍ਰੇਰਦੇ ਹੋਏ ਪ੍ਰਤੀਤ ਹੁੰਦੇ ਨੇ..ਫੇਰ ਲੰਗਰ ਪਾਣੀ ਛੱਕ ਗੁਰੂਦੁਆਰਾ ਸ਼ਹੀਦਾਂ ਦੇ ਲਾਗੇ ਸ਼ਮਸ਼ਾਨ ਘਾਟ ਤੇ ਬਣੇ ਉਸ ਥੜੇ ਲਾਗੇ ਦੋ ਘੜੀਆਂ ਬੈਠਣਾ ਕਦੀ ਨਹੀਂ ਭੁੱਲਦਾ ਜਿਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਕੁਝ ਵਰੇ ਪਹਿਲਾਂ ਹੀ ਅੰਤਮ ਸੰਸਕਾਰ ਹੋਇਆ ਸੀ..!
ਹਰਪ੍ਰੀਤ ਸਿੰਘ ਜਵੰਦਾ




error: Content is protected !!