ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਾਛੀਵਾੜਾ ਸਾਹਿਬ : ਅੱਜ ਪਿੰਡ ਪਵਾਤ ਵਿਖੇ ਗੁੱਜਰਾਂ ਦੇ ਡੇਰੇ ਵਿਚ ਅਚਾਨਕ ਅੱਗ ਲੱਗ ਗਈ, ਜਿਸ ‘ਚ ਤਿੰਨ ਸਾਲਾਂ ਮਾਸੂਮ ਬੱਚੀ ਪਰਮੀਨਾ ਜ਼ਿੰਦਾ ਸੜ ਗਈ। ਜਾਣਕਾਰੀ ਮੁਤਾਬਕ ਪਵਾਤ ਪਿੰਡ ਦੇ ਬਾਹਰ ਗੁੱਜਰ ਭਾਈਚਾਰੇ ਨਾਲ ਸਬੰਧਤ ਅਸਰਫ਼ ਅਲੀ, ਆਯੂਬ ਖਾਨ ਤੇ ਸਬੀਰ ਅਲੀ ਆਪਣੇ ਡੇਰੇ ਬਣਾ ਕੇ ਪਰਿਵਾਰਾਂ ਸਮੇਤ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੇ ਹਨ, ਜੋ ਕਿ ਦੁੱਧ ਵੇਚਣ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਨੇ ਆਪਣੇ ਇਹ ਡੇਰੇ ਝੁੱਗੀਆਂ ਵਰਗੇ ਬਣਾਏ ਹੋਏ ਸਨ। ਅਚਾਨਕ ਅੱਜ ਸਵੇਰੇ ਇਨ੍ਹਾਂ ਗੁੱਜਰਾਂ ਦੇ ਡੇਰਿਆਂ ਨੂੰ ਇੱਕ ਪਾਸਿਓਂ ਅੱਗ ਲੱਗ ਗਈ, ਜੋ ਕਿ ਦੇਖਦੇ ਹੀ ਦੇਖਦੇ ਫੈਲ ਗਈ।
ਇਸ ਅੱਗ ਵਿਚ ਆਯੂਬ ਖਾਨ ਦੀ ਤਿੰਨ ਸਾਲਾਂ ਮਾਸੂਮ ਲੜਕੀ ਪਰਮੀਨਾ ਜੋ ਕਿ ਡੇਰੇ ਅੰਦਰ ਸੁੱਤੀ ਪਈ ਸੀ, ਅੱਗ ਦੀ ਲਪੇਟ ‘ਚ ਆ ਕੇ ਜਿਊਂਦੀ ਸੜ ਗਈ, ਜਦਕਿ ਉਸਦਾ ਦਾਦਾ ਨਵਾਬਦੀਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਅੱਗ ਵਿਚ ਸ਼ਬੀਰ ਅਲੀ ਦੇ 2 ਲੱਖ ਰੁਪਏ ਨਗਦੀ ਤੇ 60 ਹਜ਼ਾਰ ਦੇ ਗਹਿਣੇ, ਆਯੂਬ ਖਾਨ ਦੇ 1.50 ਲੱਖ ਰੁਪਏ ਨਗਦੀ, 65 ਹਜ਼ਾਰ ਦੇ ਗਹਿਣੇ ਅਤੇ ਅਸਰਫ਼ ਅਲੀ ਦੇ 35 ਹਜ਼ਾਰ ਰੁਪਏ ਨਗਦੀ, 2 ਤੋਲੇ ਸੋਨੇ ਤੋਂ ਇਲਾਵਾ ਘਰ ਦਾ ਸਾਰਾ ਘਰੇਲੂ ਸਮਾਨ ਰਾਖ ਹੋ ਗਿਆ। ਇਸ ਅੱਗ ਵਿਚ ਗੁੱਜਰਾਂ ਦੇ 2 ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਗਏ।
ਸੂਚਨਾ ਮਿਲਦੇ ਹੀ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪੁੱਜੀਆਂ ਅਤੇ ਉਨ੍ਹਾਂ ਅੱਗ ਉਪਰ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਮਾਛੀਵਾੜਾ ਥਾਣਾ ਮੁਖੀ ਰਮਨਇੰਦਰਜੀਤ ਸਿੰਘ ਵੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਜ਼ਿੰਦਾ ਸੜੀ ਲੜਕੀ ਪਰਮੀਨਾ ਦੀ ਲਾਸ਼ ਨੂੰ ਕਬਜ਼ੇ ‘ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ। ਪਿੰਡ ਪਵਾਤ ਦੇ ਨਿਵਾਸੀਆਂ ਨੇ ਮੰਗ ਕੀਤੀ ਕਿ ਗੁੱਜਰ ਭਾਈਚਾਰੇ ਨਾਲ ਸਬੰਧਤ ਇਨ੍ਹਾਂ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਵੇ।
ਤਾਜਾ ਜਾਣਕਾਰੀ