ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਈਮਾਨਦਾਰ ਵਿਅਕਤੀਆਂ ਦੀ ਆਵਾਜ਼ ਨਾ ਸੁਣਨ ਵਾਲੀ ਕਾਂਗਰਸ ਪਾਰਟੀ ਦੀ ਚੋਣ ਕਰਕੇ ਵੱਡੀ ਭੁੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜੇਕਰ ਉਨ੍ਹਾਂ ਦੇ ਗਠਜੋੜ ਦਾ ਹਿੱਸਾ ਬਣਦੇ ਹਨ ਤਾਂ ਵਿਧਾਨ ਸਭਾ ਚੋਣ 2022 ‘ਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਉਤਾਰਿਆ ਜਾਵੇਗਾ। ਬੈਂਸ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਨਵਾਂਸ਼ਹਿਰ ‘ਚ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਲੀ ਸੂਬਾ ਪਾਰਟੀ ਨਹੀਂ ਰਿਹਾ।
ਪੀ. ਡੀ. ਏ. ਦੇ ਪ੍ਰਦਰਸ਼ਨ ‘ਤੇ ਪੁੱਛੇ ਗਏ ਸਵਾਲਾਂ ‘ਤੇ ਉਨ੍ਹਾਂ ਕਿਹਾ ਕਿ ਚਾਹੇ ਉਨ੍ਹਾਂ ਦੇ ਗਠਜੋੜ ਨੂੰ ਲੋਕ ਸਭਾ ਚੋਣਾਂ ‘ਚ ਕੋਈ ਸੀਟ ਪ੍ਰਾਪਤ ਨਹੀਂ ਹੋਈ ਹੈ ਪਰ ਗਠਜੋੜ ‘ਚ ਪਹਿਲੀ ਹੀ ਚੋਣ ‘ਚ ਕਰੀਬ 12 ਫੀਸਦੀ ਮਤ ਹਾਸਲ ਕਰਕੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਬੈਂਸ ਨੇ ਕਿਹਾ ਕਿ ‘ਸਾਡਾ ਪਾਣੀ ਸਾਡਾ ਹੱਕ’ ਤਹਿਤ ਉਨ੍ਹਾਂ ਦੀ ਪਾਰਟੀ ਨੇ ਜਿੱਥੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਉੱਥੇ ਹੀ ਰਾਜਸਥਾਨ ਤੋਂ ਪੰਜਾਬ ਦੇ ਪਾਣੀ ਦਾ 16 ਲੱਖ ਕਰੋੜ ਰੁਪਏ ਵਸੂਲਣ ਦੇ ਲਈ ਜਨ ਚੇਤਨਾ ਲਹਿਰ ਪੈਦਾ ਕਰਨ ‘ਚ ਲੱਗੀ ਹੋਈ ਹੈ। ਜਿਸ ਦੀ ਵਸੂਲੀ ਹੋਣ ਨਾਲ ਪੰਜਾਬ ਖੁਸ਼ਹਾਲ ਰਾਜ ਬਣੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਿੱਥੇ 16 ਨਵੰਬਰ, 2016 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੀ ਕੀਮਤ ਵਸੂਲੇ ਜਾਣ ਸਬੰਧੀ ਮਤਾ ਪਾਸ ਹੋ ਚੁੱਕਾ ਹੈ, ਉੱਥੇ ਹੀ ਉਨ੍ਹਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪ੍ਰਾਈਵੇਟ ਮੈਂਬਰਾਂ ਦੇ ਤੌਰ ‘ਤੇ ਵਿਧਾਨ ਸਭਾ ਵਿਚ ਮਤਾ ਰੱਖਿਆ ਹੈ। ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ 21 ਲੱਖ ਲੋਕਾਂ ਦਾ ਹਸਤਾਖਰ ਕਰਵਾ ਕੇ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਵੇਗੀ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਪ੍ਰਭ ਮਾਹਿਲ ਸਿੰਘ ਤੋਂ ਇਲਾਵਾ ਪਾਰਟੀ ਆਗੂ ਸੰਤੋਖ ਸਿੰਘ, ਸੁਰਿੰਦਰ ਸਿੰਘ ਰਾਹੋਂ ਆਦਿ ਮੌਜੂਦ ਸਨ।
ਤਾਜਾ ਜਾਣਕਾਰੀ