ਕੁਝ ਘੰਟੇ ਮੀਂਹ ਪੈਣ ਨਾਲ ਦਰਬਾਰ ਸਾਹਿਬ, ਅੰਮ੍ਰਿਤਸਰ ਸਰੋਵਰ ਉਛਲਣ ਲੱਗਦਾ ਹੈ । ਇਸ ਗੱਲ ਦਾ ਜਿਕਰ ਤੁਸੀ ਕੁਝ ਸਾਲ ਪਹਿਲਾਂ ਨਹੀਂ ਸੁਣਿਆ ਹੋਣਾ । ਪਿਛਲੇ ਕੁਝ ਸਾਲਾਂ ਤੋਂ ਇਹ ਵਾਰ ਵਾਰ ਹੋ ਰਿਹਾ ਹੈ ।
ਕੁਝ ਬੰਦਿਆਂ ਦਾ ਮੰਨਣਾ ਹੈ ਕਿ ਨਵੀਆਂ ਪਿਊਰੀਫਿਕੇਸ਼ਨ ਮਸ਼ੀਨਾਂ ਲਾ ਕੇ ਰਵਾਇਤੀ ਆਰ ਪਾਰ ਪਾਣੀ ਜਾਣ ਵਾਲੀ ਤਰਕੀਬ ‘ਚ ਬਦਲ ਕੀਤਾ ਗਿਆ ਹੈ । ਮੇਰੀ ਇਸ ਬਾਰੇ ਜਾਣਕਾਰੀ ਨਹੀਂ । ਪਰ ਸ਼ਹਿਰ ਦੀ topography ਭਾਵ ਜਮੀਨ ਦੀ ਕੁਦਰਤੀ ਢਾਲ ਤੇ ਵਹਾਅ ਬਾਰੇ ਕੁਝ ਅੰਦਾਜੇ ਲਾਏ ਹਨ ਜੋ ਅੰਦਰੂਨ ਸ਼ਹਿਰ ਤੇ ਖਾਸ ਕਰਕੇ ਦਰਬਾਰ ਸਾਹਿਬ ਇਮਾਰਤ ਲਈ ਚਿੰਤਾ ਵਾਲੀ ਗੱਲ ਹੈ ।
1. ਗੁਰੂ ਰਾਮਦਾਸ ਪਾਤਸ਼ਾਹ ਨੇ ਦਰਬਾਰ ਸਾਹਿਬ ਲਈ ਜਿਹੜੀ ਥਾਂ ਦੀ ਚੋਣ ਕੀਤੀ ਸੀ ਉਹ ਪਿੰਡ ਸੁਲਾਤਨਵਿੰਡ, ਤੁੰਗ ਤੇ ਗੁਮਟਾਲਾ ਦੀ ਸਾਂਝੀ ਜੂਹ ਸੀ । ਜਿਥੇ ਕਿ ਜਮੀਨ ਦੀ ਕੁਦਰਤੀ ਨਿਵਾਣ ਨਾਲ ਇਕ ਛੱਪੜ ਬਣਿਆ ਹੋਇਆ ਸੀ । ਸਾਫ ਹੈ ਕਿ ਅੱਜ ਵੀ ਅੰਦਰੂਨ ਸ਼ਹਿਰ ਦੀ ਢਲਾਨ ਅੰਦਰ ਵੱਲ ਹੈ ।
2. ਤਾਲ ਦਾ ਚੁਫੇਰਾ ਦਰਬਾਰ ਸਾਹਿਬ ਦੇ ਦਰਵਾਜਿਆਂ ਦੀਆਂ ਸਰਦਲਾਂ ਤੋਂ ਨੀਵਾਂ ਹੈ ਤੇ ਪਰਕਾਰਮਾਂ ਬਾਹਰਲੀ ਅਬਾਦੀ ਨਾਲੋਂ 5 ਫੁੱਟ ਦੇ ਕਰੀਬ ਥੱਲੇ ਹੈ ।
3. ਪਹਿਲਾਂ ਖੁਲੀਆਂ ਨਾਲੀਆਂ ਦਾ ਤਾਣਾਬਾਣਾ ਸਰਾਵਾਂ ਤੇ ਬੁੰਗਿਆਂ ਦੇ ਜਮੀਨੀ ਪੱਧਰ ਤੋਂ ਬਾਹਰ ਵੱਲ ਨੂੰ ਜਾਂਦਾ ਸੀ । ਇਹ ਨਾਲੀਆਂ ਗੇਟਾਂ ਤੋਂ ਬਾਹਰਲੀ ਚਾਰਦਿਵਾਰੀ ਨਾਲ ਇਕ ਖਾਲ ‘ਚ ਪੈਂਦੀਆਂ ਸੀ ਜਿਹੜੀ ਕਿ ਝਬਾਲ ਵੱਲ ਨੂੰ ਜਾ ਕੇ ਕੁਦਰਤੀ ਨਾਲੇ ‘ਚ ਪੈਂਦੀ ਸੀ ।
4. ਅੰਦਰੂਨ ਸ਼ਹਿਰ ਨੂੰ ਦੁਆਲੇ ਇਕ ਬਰਾਸਤੀ ਨਾਲਾ ਸੀ ਜੋ ਮੀਂਹ ਦਾ ਪਾਣੀ ਕੱਢਦਾ ਸੀ । ਇਸ ਨਾਲੇ ਦੇ ਕੰਢੇ ਪਹਿਲਾ ਖੋਖੇ ਲੱਗੇ , ਫਿਰ ਇਹ ਨਾਲਾ ਢੱਕਿਆ ਗਿਆ ਫਿਰ ਦੁਕਾਨਾਂ ਬਣ ਗਈਆਂ । ਅੱਜ ਬਰਸਾਤੀ ਪਾਣੀ ਸੀਵਰਜ ਦੀ ਸਮਰੱਥਾ ਘੱਟ ਹੋਣ ਕਰਕੇ ਆਪਣੀ ਕੁਦਰਤੀ ਵਹਾਅ ਵਲ ਨੂੰ ਤੁਰ ਪੈਂਦਾ ਹੈ ।
5. ਵਿਕਾਸ ਦੇ ਨਾਂ ਤੇ ਸ਼ਹਿਰ ਦੇ ਸਾਰੇ ਕੁਦਰਤੀ ਬਰਸਾਤੀ ਨਾਲੇ ਪੂਰ ਦਿੱਤੇ ਗਏ । ਢਲਾਨ ਕਰਕੇ ਸੜਕਾਂ ਤੇ ਫਿਰਦਾ ਮੀਹ ਦਾ ਪਾਣੀ ਅੰਦਰੂਨ ਸ਼ਹਿਰ ਵੱਲ ਨੂੰ ਹੀ ਜਾਂਦਾ ਹੈ ।
6.ਟ੍ਰਿਲੀਅਮ ਮਾਲ ਬਣਾਇਆ ਤਾਂ ਬਟਾਲਾ ਰੋਡ, ਮਜੀਠਾ ਰੋਡ ਤੇ ਫਤਿਹਗੜ ਚੂੜੀਆਂ ਰੋਡ ਨੂੰ ਜੋੜਦੇ ਬਰਸਾਤੀ ਨਾਲੇ ਨੂੰ ਢੱਕ ਕੇ ਸੜਕ ਕੱਢ ਦਿੱਤੀ ਜਿਹੜੀ ਓਹਦੇ ਮਾਲ ਕੋਲ ਆ ਖੁਲਦੀ ਏ । ਆਉਂਦੇ ਸਾਲਾਂ ‘ਚ ਬੀਬੀ ਕੌਲਾਂ ਮਾਰਗ , ਗੋਪਾਲ ਨਗਰ ਤੇ ਮਜੀਠਾ ਰੋਡ-ਬਟਾਲਾ ਰੋਡ ਦੇ ਕਈ ਇਲਾਕੇ ਡੁੱਬਣਗੇ ।
7. ਹੁਣ ਇਸਤੋਂ ਬਾਹਰ ਜਾਵੋ, ਬਾਹਰਲੇ ਬਾਈਪਾਸ ਨਾਲ ਵਗਦਾ ਨਾਲਾ ਵੀ ਢੱਕਿਆ ਜਾ ਰਿਹਾ ਹੈ । ਇਹ ਐਨ ਐਚ -1 ਦੇ ਛੇ ਮਾਰਗੀ ਪਰਜੈਕਟ ਦੀ ਭੇਟ ਚੜ ਗਿਆ । ਤੇ ਇਉਂ ਸਾਰੇ ਬਰਸਾਤੀ ਨਾਲੇ ਢੱਕ ਕੇ ਬਰਸਾਤ ਦੇ ਪਾਣੀ ਨੂੰ ਦਰਬਾਰ ਸਾਹਿਬ ਵੱਲ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ