BREAKING NEWS
Search

ਉਡਦੀ ਉੱਡਦੀ ਖਬਰ ਸੀ ਕੇ ਨਾਲਦੀ ਕੋਠੀ ਵਾਲੇ ਪੂਰਾਣਾ ਢਾਹ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ.. ਇੱਕ ਵਾਰ ਪੜ੍ਹਿਓ

ਉਡਦੀ ਉੱਡਦੀ ਖਬਰ ਸੀ ਕੇ ਨਾਲਦੀ ਕੋਠੀ ਵਾਲੇ ਪੂਰਾਣਾ ਢਾਹ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਵੀ ਵਿਚ ਕੁਝ ਮਜਦੂਰ ਘੁੰਮਦੇ ਦੇਖੇ ਤਾਂ ਖਬਰ ਦੀ ਪੁਸ਼ਟੀ ਹੋ ਗਈ ਤਿੰਨ ਮਰਦ ਦੋ ਔਰਤਾਂ ਅਤੇ ਚਾਰ ਨਿਆਣੇ….ਖਿੱਲਰੇ ਹੋਏ ਵਾਲ..ਸਧਾਰਨ ਜਿਹੇ ਕੱਪੜੇ..ਤੇ ਝੋਲਿਆਂ ਵਿਚ ਪਾਇਆ ਹੋਇਆ ਕੁਝ ਸਮਾਨ!
ਮੈਂ ਕੋਠੇ ਤੇ ਖਲੋਤਾ ਦੇਖ ਰਿਹਾ ਸਾਂ ਕੇ ਓਹਨਾ ਪਹਿਲਾਂ ਇੱਕ ਝੋਲਾ ਖੋਲਿਆ..ਵਿਚੋਂ ਕੁਝ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢੇ ਤੇ ਪਾਸੇ ਰੱਖ ਦਿੱਤੇ! ਦੂਜੇ ਝੋਲੇ ਵਿਚ ਕੁਝ ਚਾਦਰਾਂ ਲੀੜੇ ਕੱਪੜੇ ਕੰਗੀ ਸਾਬਣ ਸ਼ੀਸ਼ਾ ਬੁਰਸ਼ ਹੋਰ ਨਿੱਕ ਸੁੱਕ ਦੋ ਪੂਰਾਣੀਆਂ ਗੇਂਦਾ,ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ ਗੁਡੀਆਂ… ਗੱਲ ਕੀ ਬੀ ਇੱਕ ਵੀ ਸਮਾਨ ਵਾਧੂ ਨਹੀਂ ਸੀ..ਪੂਰੇ ਪਰਿਵਾਰ ਦੀ ਤਿੰਨਾਂ ਝੋਲਿਆਂ ਵਿਚ ਬੰਦ ਪੂਰੀ ਦੀ ਪੂਰੀ ਗ੍ਰਹਿਸਥੀ ਮਿੰਟਾ-ਸਕਿੰਟਾਂ ਵਿਚ ਹੀ ਕੋਠੀ ਦੀ ਨੁੱਕਰ ਵਿਚ ਖਿੱਲਰ ਗਈ!
ਆਥਣ ਵੇਲੇ ਜਿਗਿਆਸਾ ਜਿਹੀ ਹੋਈ ਕੇ ਦੇਖਾਂ ਤਾਂ ਸਹੀ ਨਵੇਂ ਆਏ ਗੁਆਂਢੀਆਂ ਦਾ ਆਥਣ ਵੇਲਾ ਕਿਦਾਂ ਪੱਕਦਾ ਏ? ਸੈਰ ਬਹਾਨੇ ਫੇਰ ਕੋਠੇ ਤੇ ਚੜ ਗਿਆ…ਇੱਕ ਪਾਸੇ ਤਿੰਨ ਇੱਟਾਂ ਨੂੰ ਜੋੜ ਕੇ ਬਣਾਏ ਹੋਏ ਚੁੱਲੇ ਤੇ ਦਾਲ ਪੱਕ ਰਹੀ ਸੀ ਤੇ ਦੂਜੇ ਪਾਸੇ ਰੋਟੀਆਂ ਦਾ ਛਿੱਕੂ ਲਗਾਤਾਰ ਭਰਦਾ ਜਾ ਰਿਹਾ ਸੀ! ਥੋੜੀ ਦੇਰ ਬਾਅਦ ਹੀ ਸਾਰਾ ਟੱਬਰ ਕੱਠਾ ਬੈਠਾ ਰੋਟੀ ਖਾ ਰਿਹਾ ਸੀ..ਕੋਲ ਰੇਡੀਓ ਤੇ ਕਿਸ਼ੋਰ ਕੁਮਾਰ ਦਾ ਹਿੰਦੀ ਗਾਣਾ “ਥੋੜਾ ਹੈ ਥੋੜੇ ਕੀ ਜਰੂਰਤ ਹੈ ” ਵੱਜ ਰਿਹਾ ਸੀ

ਦੱਸ ਵੱਜਦੇ ਨੂੰ ਖੁੱਲੇ ਆਸਮਾਨ ਹੇਠ ਲੰਮੇ ਪਿਆ ਪੂਰਾ ਪਰਿਵਾਰ ਗੂੜੀ ਨੀਂਦਰ ਦਾ ਅਨੰਦ ਮਾਣ ਰਿਹਾ ਸੀ! ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਲੱਭਦਿਆਂ ਮੇਰਾ ਦਿਮਾਗ ਘਰ ਵਿਚ ਮੌਜੂਦ ਨੱਕੋ-ਨੱਕ ਭਰੀਆਂ ਅਲਮਾਰੀਆਂ ਵੱਲ ਚਲਾ ਗਿਆ.. ਕਈਆਂ ਕਪੜਿਆਂ ਦੇ ਤਾਂ ਅਜੇ ਸਟਿੱਕਰ ਵੀ ਨਹੀਂ ਸਨ ਉੱਤਰੇ…ਦੂਜੀ ਅਲਮਾਰੀ ਵਿਚ ਕੁਲ ਜਹਾਨ ਦੀਆਂ ਰਜਾਈਆਂ ਤਲਾਈਆਂ ਨਾਲਦੀ ਦੇ ਸੂਟ… ਮੇਰੇ ਸੀਤੇ ਅਣਸੀਤੇ…ਇੱਕ ਵਿਚ ਪੂਰਾ ਮੇਕਅੱਪ ਦਾ ਸਮਾਨ ਅਤੇ ਹੋਰ ਕੀਮਤੀ ਤੋਹਫੇ.. ਸੋਵੀਨੀਰ… ਪੇਂਟਿੰਗਜ਼…ਕ੍ਰੋਕਰੀ…ਗਿਫ਼੍ਟ ਪੈਕ ਅਤੇ ਹੋਰ ਵੀ ਬਹੁਤ ਕੁਝ ਸੀ..ਭਾਂਡਿਆਂ ਨਾਲ ਭਰੀ ਇੱਕ ਹੋਰ ਅਲਮਾਰੀ…ਕਿਤਾਬਾਂ ਵਾਲਿਆਂ ਸ਼ੈਲਫਾਂ.. ਨਾਲਦੀ ਦੇ ਜੁੱਤੀਆਂ ਦੇ ਅਣਗਿਣਤ ਜੋੜੇ…ਅਤੇ ਹੋਰ ਵੀ ਬਹੁਤ ਕੁਝ..ਇਸ ਤੋਂ ਮਗਰੋਂ ਮੇਰਾ ਦਿਮਾਗ ਸੋਚਣ ਤੋਂ ਜੁਆਬ ਜਿਹਾ ਦੇ ਗਿਆ..ਸ਼ੁਕਰ ਸੀ ਉਸ ਦਿਨ ਬੈੰਕ ਦੇ ਲਾਕਰ ਚੇਤੇ ਨਹੀਂ ਸਨ ਆਏ!

ਚਾਲੀ ਸਾਲ ਦੇ ਗ੍ਰਹਿਸਤ ਜੀਵਨ ਵਿਚ ਬਸ ਇਹ ਸੋਚ ਕੇ ਹੀ ਖਰੀਦਦਾਰੀ ਕਰੀ ਗਏ ਕੇ ਬਾਅਦ ਵਿਚ “ਕਿਸੇ ਵੇਲੇ” ਕੰਮ ਆਵੇਗਾ..ਪਰ ਉਹ “ਕਿਸੇ ਵੇਲੇ ਵਾਲੀ” ਘੜੀ ਮੁੜ ਕਦੀ ਵੀ ਨਾ ਆਈ ਸਗੋਂ ਕੱਠੇ ਕੀਤੇ ਸਮਾਨ ਕਰਕੇ ਘਰ ਵਿਚ ਕਿੰਨੀ ਵਾਰ ਕਲੇਸ਼ ਪਿਆ..ਨਾਲਦੀ ਆਖਦੀ ਬਾਹਰ ਸੁੱਟੋ ਆਪਣਾ ਕਬਾੜ ਤੇ ਮੈਂ ਉਸਦੇ ਨੂੰ ਕਬਾੜ ਆਖ ਦਿੰਦਾ ਪਰ ਅਸਲ ਵਿਚ ਅਸੀਂ ਦੋਵੇਂ ਨਵੇਂ ਜਮਾਨੇ ਵਿਚ ਪੈਰ ਧਰਦੇ ਪੁੱਤ ਲਈ ਕਬਾੜ ਸਾਂ..ਮੂਹੋਂ ਕੁਜ ਨਾ ਆਖਦਾ ਕਿਓੰਕੇ ਉਸਦੀਆਂ ਜਰੂਰਤਾਂ ਪੂਰੀਆਂ ਕਰਨ ਵਾਲਾ ਏ.ਟੀ.ਐੱਮ ਬੰਦ ਹੋ ਸਕਦਾ ਸੀ।

ਹੱਥ ਵਿਚ ਖਿਡੌਣਾ ਕਾਰ ਫੜ ਸੁੱਤੇ ਹੋਏ ਨਿੱਕੇ ਬੱਚੇ ਵੱਲ ਦੇਖ ਆਪਣਾ ਸ੍ਰਵਨ ਪੁੱਤ ਇੱਕ ਵਾਰ ਫੇਰ ਚੇਤੇ ਆ ਗਿਆ..ਅਜੇ ਸੁਵੇਰੇ ਹੀ ਮੇਰੇ ਨਾਲ ਲੜ ਕੇ ਗਿਆ ਸੀ..ਆਖਦਾ ਕੇ ਤਿੰਨ ਵਰੇ ਪਹਿਲਾਂ ਖਰੀਦੀ ਫਾਰਚੂਨਰ ਪੂਰਾਣੀ ਹੋ ਗਈ ਏ ਨਵੇਂ ਮਾਡਲ ਦੀ ਹਫਤੇ ਦੇ ਵਿਚ ਵਿਚ ਵੇਹੜੇ ਵਿਚ ਖਲੋਤੀ ਹੋਣੀ ਚਾਹੀਦੀ ਏ…ਅੱਜ ਪਿਛਲੇ ਚਾਲੀ ਸਾਲ ਵਿਚ ਕੱਠਾ ਕੀਤਾ ਸਭ ਨਿੱਕ ਸੁੱਕ ਵਾਧੂ ਜਿਹਾ ਲੱਗਣ ਲੱਗਾ..ਕਬਾੜ ਹੋ ਗਿਆ ਸੀ ਫੇਰ ਡਾਕਟਰ ਦੀ ਸਾਨੂੰ ਦੋਹਾਂ ਨੂੰ ਦਿੱਤੀ ਸਖਤ ਹਿਦਾਇਤ ਚੇਤੇ ਆ ਗਈ ਕੇ ਜੇ ਜਿਉਂਦੇ ਰਹਿਣਾ ਏ ਤਾਂ ਖਾਨ-ਪੀਣ ਬਿਲਕੁਲ ਹੀ ਸਧਾਰਨ ਰੱਖਣਾ ਪਵੇਗਾ..ਠੀਕ ਓਸੇ ਤਰਾਂ ਦਾ ਜਿਸ ਤਰਾਂ ਦਾ ਸ਼ਾਇਦ ਅੱਜ ਨਾਲਦੀ ਕੋਠੀ ਵਿਚ ਪੱਕਦਾ ਹੋਇਆ ਅੱਖੀਂ ਦੇਖਿਆ ਸੀ!ਸੱਚੀ ਪੁਛੋ ਤਾਂ ਇਹ ਸਾਰਾ ਕੌਤਕ ਦੇਖ ਅੱਜ ਜਿੰਦਗੀ ਬੜੀ ਹੀ ਹਲਕੀ ਫੁਲਕੀ ਜਿਹੀ ਲੱਗੀ ਅਤੇ ਪਹਿਲੀ ਵਾਰ ਮਹਿਸੂਸ ਹੋਇਆ ਕੇ ਜੋ ਕੁਝ ਵੀ ਪਿਛਲੇ ਚਾਲੀ ਸਾਲ ਸਿਰ ਤੇ ਰੱਖ ਕੇ ਲਗਾਤਾਰ ਢੋਂਦੇ ਰਹੇ ਉਹ ਸਿਰਫ ਤੇ ਸਿਰਫ ਖ਼ਵਾਹਿਸ਼ਾ,ਦਿਖਾਵੇ ਅਤੇ ਰੀਸਾਂ ਦਾ ਬੋਝ ਹੀ ਸੀ ਬੱਸ!ਹਰਪ੍ਰੀਤ ਸਿੰਘ ਜਵੰਦਾerror: Content is protected !!