ਟਿੱਕ-ਟੌਕ ਨੇ ਬਦਲੀ ਮੋਗਾ ਦੇ ਗਰੀਬ ਪਰਿਵਾਰ ਦੀ ਜ਼ਿੰਦਗੀ, ਰਾਤੋ-ਰਾਤ ਸਟਾਰ ਬਣੀਆਂ ਬੱਚੀਆਂ ਨੂੰ ਵੱਡੇ ਆਫਰ
ਅੱਜ ਦੇ ਅਜੋਕੇ ਦੌਰ ‘ਚ ਕਈ ਉਦਾਹਰਨ ਐਸੇ ਹਨ ਜਦੋਂ ਸੋਸ਼ਲ ਮੀਡੀਆ ਨੇ ਆਮ ਲੋਕਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਹੋਵੇ। ਸੋਸ਼ਲ ਮੀਡੀਆ ਦੀ ਮਦਦ ਨਾਲ ਕਈ ਲੋਕ ਆਮ ਤੋਂ ਖਾਸ ਹੋਏ ਹਨ। ਕੁਝ ਐਸਾ ਹੀ ਹੋਇਆ ਮੋਗਾ ਦੀਆਂ ਇਨ੍ਹਾਂ ਦੋ ਛੋਟੀਆਂ ਬੱਚੀਆਂ ਨਾਲ ਜਿਨ੍ਹਾਂ ਦੀਆਂ ਟਿੱਕ-ਟੌਕ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਧਮਾਲਾਂ ਪਾਈਆਂ ਹੋਈਆਂ ਹਨ।
ਇਨ੍ਹਾਂ ਛੋਟੀਆਂ ਬੱਚੀਆਂ ਦੀ ਵੀਡੀਓਜ਼ ਨੇ ਹੁਣ ਇਨ੍ਹਾਂ ਦੇ ਗਰੀਬ ਮਾਪਿਆਂ ਦੀ ਜ਼ਿੰਦਗੀ ਵੀ ਬਦਲ ਦਿੱਤੀ ਹੈ। ਇਨ੍ਹਾਂ ਦੇ ਮਾਪਿਆਂ ਨੂੰ ਕੈਨੇਡਾ-ਅਮਰੀਕਾ ਤੋਂ ਇਲਾਵਾ ਦੇਸ਼ ਭਰ ਚੋਂ ਬੱਚੀਆਂ ਦੇ ਪ੍ਰਸੰਸਕਾਂ ਦੇ ਫੋਨ ਆ ਰਹੇ ਹਨ। ਕਈ ਲੋਕਾਂ ਨੇ ਬੱਚਿਆਂ ਤੇ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਵੀ ਐਲਾਨ ਕੀਤਾ ਹੈ। ਟਿੱਕ-ਟੌਕ ਨੇ ਇਨ੍ਹਾਂ ਛੋਟੀਆਂ ਬੱਚੀਆਂ ਦੀ ਕਿਸਮਤ ਚਮਕਾ ਦਿੱਤੀ ਹੈ।
ਟਿੱਕ-ਟੌਕ ਤੇ ਪਾਈਆਂ ਵੀਡੀਓਜ਼ ਨੇ ਇਨ੍ਹਾਂ ਬੱਚੀਆਂ ਦੇ ਨਾਲ-ਨਾਲ ਪੂਰੇ ਪਰਿਵਾਰ ਦੇ ਜ਼ਿੰਦਗੀ ਬਦਲ ਦਿੱਤੀ ਹੈ। ਹੁਣ ਇਹ ਬੱਚੀਆਂ ਚੰਗੇ ਭਵਿੱਖ ਵੱਲ ਵਧ ਰਹੀਆਂ ਹਨ। ਕਈ ਪ੍ਰਸ਼ੰਸਕ ਇਨ੍ਹਾਂ ਛੋਟੇ ਟਿੱਕ-ਟੌਕ ਸਟਾਰਜ਼ ਦੀ ਮਦਦ ਕਰਨ ਲਈ ਖੁੱਲ੍ਹ ਦਿਲੀ ਵਿਖਾ ਰਹੇ ਹਨ। ਬੱਚੀਆਂ ਦੇ ਨਾਲ ਹੁਣ ਟੀਮ ਦੇ ਹੋਰ ਮੈਂਬਰ ਪੰਜਾਬੀ ਫਿਲਮਾਂ ‘ਚ ਵੀ ਐਂਟਰੀ ਮਾਰਨ ਨੂੰ ਤਿਆਰ ਹਨ। ਫਿਲਹਾਲ ਇਨ੍ਹਾਂ ਨੂੰ ਕੋਈ ਆਫਰ ਆਈ ਹੈ ਜਾਂ ਨਹੀਂ ਇਸ ਬਾਰੇ ਕੁਝ ਸਪਸ਼ਟ ਨਹੀਂ।
ਇਸ ਸਬੰਧੀ ਇਨ੍ਹਾਂ ਛੋਟੀਆਂ ਬੱਚੀਆਂ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਸੀ ਕਿ ਇਹ ਸਭ ਟੀਮ ਦੀ ਬਦੌਲਤ ਤਰੱਕੀਆਂ ਮਿਲ ਰਹੀਆਂ ਹਨ। ਪਹਿਲਾਂ ਉਨ੍ਹਾਂ ਦੀ ਵੱਡੀ ਲੜਕੀ ਵਰਨ ਸੰਦੀਪ ਦੇ ਨਾਲ ਵੀਡੀਓ ਬਣਾਉਂਦੀ ਸੀ ਪਰ ਇੱਕ ਦਿਨ ਛੋਟੀ ਬੇਟੀ ਨੂਰ ਨੇ ਜਦ ਵੀਡੀਓ ਬਣਾਈ ਤਾਂ ਲੋਕਾਂ ਨੇ ਬਹੁਤ ਪਸੰਦ ਕੀਤੀ।
ਉਨ੍ਹਾਂ ਕਿਹਾ ਕਿ ਮੈਨੂੰ ਕੋਈ ਪਿੰਡ ਵਿੱਚ ਵੀ ਨਹੀਂ ਜਾਣਦਾ ਸੀ ਪਰ ਟਿੱਕਟੌਕ ਤੇ ਆਉਣ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਚੋਂ ਲੋਕ ਫੋਨ ਕਰ ਰਹੇ ਹਨ। ਇਸ ਨਾਲ ਅਸੀਂ ਵੱਡਾ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਭੱਠਿਆਂ ਉੱਤੇ ਤਪਸ਼ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਦੀ ਹਰ ਪਸੰਦ ਨੂੰ ਪੂਰਾ ਕੀਤਾ ਹੈ।
ਇਸ ਸਬੰਧੀ ਟਿੱਕ-ਟੌਕ ਸਟਾਰ ਸੰਦੀਪ ਭਿੰਡਰ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਨੇ ਵੱਡਾ ਸਹਿਯੋਗ ਦਿੱਤਾ ਹੈ ਜਿਨ੍ਹਾਂ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਦਰਸ਼ਕਾਂ ਦੇਸ਼ ਦੁਨੀਆਂ ਦੇ ਵਿੱਚ ਪਹੁੰਚਾਈਆਂ। ਉੁਨ੍ਹਾਂ ਕਿਹਾ ਕਿ ਮਸ਼ਹੂਰ ਹੋਣ ਦੇ ਨਾਲ ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਚੰਗੀ ਸੇਤ ਦੇਣ ਵਾਲੇ ਮੈਸੇਜ ਵੀ ਦੇਈਏ।
ਇਸ ਸਬੰਧੀ ਵਰਨ ਭਿੰਡਰ ਕਲਾ ਦਾ ਕਹਿਣਾ ਸੀ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਸਨ ਟਿੱਕਟੌਕ ਨੇ ਵੱਡਾ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਤੱਕ ਚੰਗੇ ਸੁਨੇਹੇ ਪਹੁੰਚਾਏ ਜਾਣ। ਅਸੀਂ ਆਪਣੇ ਵੱਡਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ।ਜੇਕਰ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਟੀਮ ਦੇ ਛੇ ਮੈਂਬਰ ਫ਼ਿਲਮਾਂ ਵਿੱਚ ਵੀ ਜਲਦੀ ਐਂਟਰੀ ਮਾਰਾਂਗੇ।
ਤਾਜਾ ਜਾਣਕਾਰੀ