ਅੰਮ੍ਰਿਤਸਰ – ਵੀਰਵਾਰ ਦੇਰ ਰਾਤ ਸੈਂਕੜੇ ਲੋਕਾਂ ਦੇ ਫੋਨਾਂ ਦੀਆਂ ਘੰਟੀਆਂ ਅਚਾਨਕ ਵੱਜ ਉਠੀਆਂ, ਜਦੋਂ ਲੋਕਾਂ ਨੇ 2 ਧਮਾਕਿਆਂ ਦੀ ਆਵਾਜ਼ ਸੁਣੀ। ਇਸ ਨਾਲ ਸਾਰੇ ਸ਼ਹਿਰ ਵਿਚ ਸਨਸਨੀ ਫੈਲ ਗਈ। ਸਾਰੇ ਲੋਕ ਇਹੀ ਪੁੱਛ ਰਹੇ ਸਨ ਕਿ ਇਹ ਧਮਾਕੇ ਕਿੱਥੇ ਹੋਏ ਹਨ ਜਾਂ ਕਿਸ ਨੇ ਕੀਤੇ ਹਨ। ਭਾਰਤ-ਪਾਕਿਸਤਾਨ ਵਿਚਾਲੇ ਪੁਲਵਾਮਾ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਵੀ ਲੋਕ ਅਲਰਟ ਹਨ ਅਤੇ ਪਾਕਿਸਤਾਨ ਵਲੋਂ ਕਿਸੇ ਵੀ ਤਰ੍ਹਾਂ ਦਾ ਹਮਲਾ ਕੀਤੇ ਜਾਣ ਸਬੰਧੀ ਤਿਆਰ ਹਨ।
ਜਾਣਕਾਰੀ ਅਨੁਸਾਰ ਰਾਤ ਲਗਭਗ 1.14 ਵਜੇ 2 ਧਮਾਕਿਆਂ ਦੀ ਆਵਾਜ਼ ਤਰਨਤਾਰਨ ਰੋਡ ਅਤੇ ਸੁਲਤਾਨਵਿੰਡ ਰੋਡ ਇਲਾਕੇ ਵਿਚ ਸੁਣੀ ਗਈ ਪਰ ਇਹ ਧਮਾਕੇ ਕਿੱਥੇ ਹੋਏ ਤੇ ਕਿਸ ਨੇ ਕੀਤੇ, ਸਬੰਧੀ ਜ਼ਿਲਾ ਪੁਲਸ ਅਤੇ ਪ੍ਰਸ਼ਾਸਨ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਇਹ ਵੀ ਅਫਵਾਹ ਚੱਲ ਰਹੀ ਸੀ ਅੰਮ੍ਰਿਤਸਰ ਵਿਚ ਹਵਾਈ ਫੌਜ ਜਾਂ ਫਿਰ ਬੀ. ਐੱਸ. ਐੱਫ. ਵਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਪਰ ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੌਕ ਡ੍ਰਿਲ 16 ਫਰਵਰੀ ਤੋਂ ਬਾਅਦ ਜ਼ਰੂਰ ਕੀਤੀ ਗਈ ਸੀ ਪਰ ਇਸ ਸਮੇਂ ਕੋਈ ਸੂਚਨਾ ਨਹੀਂ ਹੈ।
ਐੱਸ.ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਵੀ ਕਿਹਾ ਕਿ ਧਮਾਕਿਆਂ ਦੀ ਆਵਾਜ਼ ਦੀ ਗੱਲ ਜ਼ਰੂਰ ਸੁਣੀ ਜਾ ਰਹੀ ਹੈ ਪਰ ਇਹ ਧਮਾਕੇ ਕਿੱਥੇ ਹੋਏ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਸੁਪਰ ਸੋਨਿਕ ਆਵਾਜ਼ ਦਾ ਹੋਇਆ ਹੈ ਪ੍ਰੀਖਣ
ਇਸ ਦੇ ਨਾਲ ਹੀ ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਡੂੰਘੀ ਜਾਂਚ ਤੋਂ ਬਾਅਦ ਦੱਸਿਆ ਕਿ ਹਵਾਈ ਫੌਜ ਨੇ ਆਪਣੇ ਹੀ ਜਹਾਜ਼ ਦੀ ਸੁਪਰ ਸੋਨਿਕ ਆਵਾਜ਼ ਦੀ ਪਰਖ ਕੀਤੀ ਹੈ, ਜਿਸ ਬਾਰੇ ਪੁਸ਼ਟੀ ਕਰ ਦਿੱਤੀ ਗਈ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਇਹ ਕੋਈ ਧਮਾਕਾ ਨਹੀਂ ਹੈ।
ਤਾਜਾ ਜਾਣਕਾਰੀ