ਨਵੀਂ ਦਿੱਲੀ— 31 ਮਾਰਚ ਨੂੰ ਵਿੱਤੀ ਸਾਲ 2018-19 ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਅੱਜ ਪੈਨ ਕਾਰਡ ਤੇ ਆਧਾਰ ਲਿੰਕ ਕਰਨ ਦੀ ਵੀ ਅੰਤਿਮ ਤਰੀਕ ਹੈ। ਟੀ. ਵੀ. ਚੈਨਲ ਚੁਣਨ ਅਤੇ ਜੀ. ਐੱਸ. ਟੀ. ਰਿਟਰਨ ਭਰਨ ਵਰਗੇ ਜ਼ਰੂਰੀ ਕੰਮ ਵੀ ਕਰਨੇ ਜ਼ਰੂਰੀ ਹਨ। ਉੱਥੇ ਹੀ, ਸੋਮਵਾਰ ਨਵੇਂ ਮਹੀਨੇ ਦੇ ਨਾਲ-ਨਾਲ ਨਵਾਂ ਵਿੱਤੀ ਸਾਲ ਵੀ ਸ਼ੁਰੂ ਹੋ ਜਾਵੇਗਾ। ਪਹਿਲੀ ਅਪ੍ਰੈਲ ਤੋਂ ਕਾਰਾਂ ਦੀ ਕੀਮਤ ਵੀ ਵਧ ਜਾਵੇਗੀ।
ਪੈਨ-ਆਧਾਰ
ਸਰਕਾਰ ਨੇ 31 ਮਾਰਚ ਤਕ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੰਤਿਮ ਤਰੀਕ ਰੱਖੀ ਹੈ। ਇਹ ਕੰਮ ਅੱਜ ਨਾ ਕੀਤਾ ਤਾਂ ਤੁਸੀਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਨਹੀਂ ਭਰ ਸਕੋਗੇ। ਤੁਹਾਡਾ ਪੈਨ ਕਾਰਡ ਬੇਕਾਰ ਹੋ ਜਾਵੇਗਾ। ਤੁਹਾਡਾ ਪੈਨ-ਆਧਾਰ ਲਿੰਕ ਨਹੀਂ ਹੈ, ਤਾਂ ਮੋਬਾਇਲ ਤੋਂ ਐੱਸ. ਐੱਮ. ਐੱਸ. ਰਾਹੀਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਇਸ ਲਈ ਤੁਹਾਨੂੰ 12 ਅੰਕ ਵਾਲਾ ਆਧਾਰ ਨੰਬਰ ਅਤੇ 10 ਅੰਕ ਵਾਲਾ ਪੈਨ ਨੰਬਰ ਇਸ ਤਰੀਕੇ ਨਾਲ- UIDPAN
ਟੀ. ਵੀ. ਚੈਨਲ
ਬਿਨਾਂ ਕਿਸੇ ਰੁਕਵਾਟ ਦੇ ਪਸੰਦੀਦਾ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਚੈਨਲ ਚੁਣਨ ਲਈ ਅੱਜ ਦਾ ਹੀ ਦਿਨ ਹੈ। ਟੀ. ਵੀ. ‘ਤੇ ਕਿਹੜੇ ਚੈਨਲ ਦੇਖਣਾ ਚਾਹੁੰਦੇ ਹੋ, ਇਹ ਤੁਸੀਂ ਕੇਬਲ ਜਾਂ ਡੀ. ਟੀ. ਐੱਚ. ਆਪਰੇਟਰ ਨੂੰ ਨਾ ਦੱਸਿਆ ਤਾਂ ਪਸੰਦੀਦਾ ਚੈਨਲ ਨਹੀਂ ਦੇਖ ਸਕੋਗੇ। 31 ਮਾਰਚ ਤਕ ਉਨ੍ਹਾਂ ਚੈਨਲਾਂ ਨੂੰ ਚੁਣ ਸਕਦੇ ਹੋ ਜਿਨ੍ਹਾਂ ਲਈ ਤੁਸੀਂ ਭੁਗਤਾਨ ਕਰਨਾ ਚਾਹੁੰਦੇ ਹੋ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਨਵੇਂ ਨਿਯਮ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਤੁਹਾਡਾ ਬਿੱਲ ਵਧ ਹੋਵੇਗਾ ਜਾਂ ਘੱਟ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਚੈਨਲਾਂ ਦੀ ਚੋਣ ਕਰਦੇ ਹੋ। ਉਨ੍ਹਾਂ ਚੈਨਲਾਂ ਨੂੰ ਤੁਸੀਂ ਲਿਸਟ ‘ਚੋਂ ਬਾਹਰ ਰੱਖ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਅਕਸਰ ਨਹੀਂ ਦੇਖਦੇ ਹੋ।
ਇਨਕਮ ਟੈਕਸ ਰਿਟਰਨ/GST
2018-19 ਦਾ ਇਨਕਮ ਟੈਕਸ ਅਤੇ ਜੀ. ਐੱਸ. ਟੀ. ਰਿਟਰਨ ਭਰਨ ਦੀ ਅੰਤਿਮ ਤਰੀਕ ਵੀ ਅੱਜ ਹੀ ਹੈ। ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਈਲ ਨਾ ਕਰਨ ‘ਤੇ 1,000 ਤੋਂ 10 ਹਜ਼ਾਰ ਰੁਪਏ ਤਕ ਜੁਰਮਾਨਾ ਲੱਗੇਗਾ। ਹਾਲਾਂਕਿ ਜੇਕਰ ਟੈਕਸਦਾਤਾ ਦੀ ਕੁੱਲ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਜੁਰਮਾਨਾ 1 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗਾ। ਇਨ੍ਹਾਂ ਕੰਮ ਲਈ ਇਨਕਮ ਟੈਕਸ ਤੇ ਜੀ. ਐੱਸ. ਟੀ. ਦੇ ਦਫਤਰ 31 ਮਾਰਚ ਨੂੰ ਖੁੱਲ੍ਹੇ ਰਹਿਣਗੇ। ਉੱਥੇ ਹੀ, ਆਰ. ਟੀ. ਜੀ. ਐੱਸ./ਨੈਫਟ ਸਮੇਤ ਇਲੈਕਟ੍ਰਾਨਿਕ ਲੈਣ-ਦੇਣ ਵੀ ਕਰ ਸਕਦੇ ਹੋ।
ਨਵੇਂ ਵਿੱਤੀ ਸਾਲ ‘ਚ ਕਾਰ ਖਰੀਦਣੀ ਹੋਵੇਗੀ ਮਹਿੰਗੀ
1 ਅਪ੍ਰੈਲ ਤੋਂ ਕਾਰ ਖਰੀਦਣੀ ਮਹਿੰਗੀ ਹੋ ਜਾਵੇਗੀ। ਮਹਿੰਦਰਾ 1 ਅਪ੍ਰੈਲ ਤੋਂ ਆਪਣੇ ਯਾਤਰੀ ਅਤੇ ਵਪਾਰਕ ਵਾਹਨਾਂ ਦੀ ਕੀਮਤ 5,000 ਰੁਪਏ ਤੋਂ ਲੈ ਕੇ 73,000 ਰੁਪਏ ਵਧਾਉਣ ਜਾ ਰਹੀ ਹੈ। ਰੈਨੋ ਦੀ ਕਵਿੱਡ ਵੀ 3 ਫੀਸਦੀ ਮਹਿੰਗੀ ਹੋਣ ਜਾ ਰਹੀ ਹੈ। ਦਿੱਲੀ ‘ਚ ਕਵਿੱਡ ਦੀ ਕੀਮਤ 2.66 ਲੱਖ ਰੁਪਏ ਤੋਂ ਲੈ ਕੇ 4.63 ਲੱਖ ਰੁਪਏ ਤਕ ਹੈ। ਟਾਟਾ ਮੋਟਰਜ਼ ਨੇ ਵੀ ਯਾਤਰੀ ਵਾਹਨਾਂ ਦੀ ਕੀਮਤ 25,000 ਰੁਪਏ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਟੋਇਟਾ ਵੀ ਕੀਮਤਾਂ ਵਧਾਉਣ ਦੀ ਘੋਸ਼ਣਾ ਕਰ ਚੁੱਕੀ ਹੈ।

ਤਾਜਾ ਜਾਣਕਾਰੀ