ਮੋਗਾ : ਗੁਰੂ ਅੰਗਦ ਦੇਵ ਨਗਰ ਜ਼ੀਰਾ ਰੋਡ ਮੋਗਾ ਨਿਵਾਸੀ ਗੁਰਪ੍ਰੀਤ ਕੌਰ ਦੀ ਬੀਤੀ 23 ਅਪ੍ਰੈਲ ਨੂੰ ਹੋਈ ਹੱਤਿਆ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮ੍ਰਿਤਕਾ ਦੇ ਸਕੇ ਮਾਮਾ ਕਸ਼ਮੀਰ ਸਿੰਘ ਅਤੇ ਉਸਦੇ ਤਾਏ ਦੇ ਲੜਕੇ ਗੁਰਜੰਟ ਸਿੰਘ ਉਰਫ ਜੰਟਾ ਨਿਵਾਸੀ ਪਿੰਡ ਬੱਡੂਵਾਲ ਨੂੰ ਨਾਮਜ਼ਦ ਕਰਨ ਦੇ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ, ਜਦਕਿ ਪਹਿਲਾਂ ਥਾਣਾ ਸਿਟੀ ਮੋਗਾ ਵਲੋਂ ਮ੍ਰਿਤਕਾ ਦੇ ਭਰਾ ਦਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਓਮ ਪ੍ਰਕਾਸ਼ ਨਿਵਾਸੀ ਪਿੰਡ ਬੀਹਲਾ ਵੱਝੂ ਗੁਰਦਾਸਪੁਰ ਖਿਲਾਫ 24 ਅਪ੍ਰੈਲ ਨੂੰ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।
ਕੀ ਸੀ ਸਾਰਾ ਮਾਮਲਾ
ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ (20) ਪੁੱਤਰੀ ਹਰਜਿੰਦਰ ਸਿੰਘ ਦੀ ਤਿੰਨ ਸਾਲ ਤੋਂ ਫੇਸਬੁੱਕ ਰਾਹੀਂ ਓਮ ਪ੍ਰਕਾਸ਼ (55) ਪੁੱਤਰ ਰਾਮ ਸਰੂਪ ਨਿਵਾਸੀ ਪਿੰਡ ਬੀਹਲਾ ਵੱਝੂ ਗੁਰਦਾਸਪੁਰ ਨਾਲ ਮਿੱਤਰਤਾ ਹੋਈ। ਇਸ ਉਪਰੰਤ ਪਰਿਵਾਰਕ ਮੈਂਬਰਾਂ ਨੇ ਗੁਰਪ੍ਰੀਤ ਕੌਰ ਦਾ ਵਿਆਹ ਡਿੰਪਲ ਨਿਵਾਸੀ ਜਗਰਾਓਂ ਨਾਲ ਕਰ ਦਿੱਤਾ ਪਰ 25 ਦਿਨ ਬਾਅਦ ਹੀ ਦੋਹਾਂ ਦਾ ਘਰੇਲੂ ਵਿਵਾਦ ਹੋਣ ਕਾਰਨ ਤਲਾਕ ਹੋ ਗਿਆ।
ਇਸ ਤੋਂ ਬਾਅਦ ਗੁਰਪ੍ਰੀਤ ਕੌਰ ਦੇ ਫੁੱਫੜ ਬੂਟਾ ਸਿੰਘ ਨਿਵਾਸੀ ਪਿੰਡ ਸਾਫੂਵਾਲਾ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਉਸਦਾ ਵਿਆਹ ਉਸ ਤੋਂ ਤਿੰਨ ਗੁਣਾ ਵੱਡੀ ਉਮਰ ਦੇ ਵਿਅਕਤੀ ਓਮ ਪ੍ਰਕਾਸ਼ ਨਾਲ ਕਰ ਦਿੱਤਾ। ਦੋਵੇਂ ਪਤੀ-ਪਤਨੀ ਕੁੱਝ ਸਮਾਂ ਅਲੱਗ ਰਹੇ ਪਰ ਬਾਅਦ ਵਿਚ ਓਮ ਪ੍ਰਕਾਸ਼ ਆਪਣੇ ਸਹੁਰੇ ਘਰ ਰਹਿਣ ਲੱਗ ਪਿਆ, ਉਹ ਆਪਣੇ ਆਪ ਨੂੰ ਇੰਗਲੈਂਡ ਦਾ ਸਿਟੀਜਨ ਦੱਸਦਾ ਸੀ। ਮ੍ਰਿਤਕਾ ਦੇ ਭਰਾ ਦਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ 24 ਅਪ੍ਰੈਲ ਨੂੰ ਜਦੋਂ ਸਵੇਰੇ ਉਸਦੀ ਮਾਤਾ ਉਠੀ ਤਾਂ ਉਸਨੇ ਦੇਖਿਆ ਕਿ ਓਮ ਪ੍ਰਕਾਸ਼ ਦਰਵਾਜ਼ਾ ਖੋਲ ਕੇ ਬਾਹਰ ਜਾ ਰਿਹਾ ਸੀ,
ਉਸਨੇ ਉਸ ਨੂੰ ਆਵਾਜ਼ ਵੀ ਦਿੱਤੀ, ਇਸ ਤੋਂ ਬਾਅਦ ਮੇਰੀ ਮਾਤਾ ਜਦੋਂ ਮੇਰੀ ਭੈਣ ਗੁਰਪ੍ਰੀਤ ਕੌਰ ਨੂੰ ਚਾਹ ਦੇਣ ਗਈ ਤਾਂ ਉਸਦੇ ਨੱਕ ‘ਚੋਂ ਖੂਨ ਵਗ ਰਿਹਾ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ, ਜਿਸ ਤੇ ਉਸਨੇ ਰੌਲਾ ਪਾਇਆ ਤੇ ਲੋਕ ਇਕੱਠੇ ਹੋ ਗਏ। ਪੁਲਸ ਨੇ ਓਮ ਪ੍ਰਕਾਸ਼ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ।
ਕਿਵੇਂ ਹੋਇਆ ਹੱਤਿਆ ਦਾ ਪਰਦਾਫਾਸ਼
ਪੁਲਸ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕਾ ਦਾ ਮਾਮਾ ਕਸ਼ਮੀਰ ਸਿੰਘ ਅਤੇ ਉਸਦਾ ਪਤੀ ਪਿੰਡ ਸਾਫੂਵਾਲਾ ਵਿਖੇ ਉਸਦੇ ਫੁੱਫੜ ਦੇ ਘਰ ਗਏ ਸੀ ਜਿਸ ਉਪਰੰਤ ਇਨ੍ਹਾਂ ਦੀ ਆਪਸੀ ਤਕਰਾਰ ਹੋ ਗਈ। ਜਦੋਂ ਪੁਲਸ ਨੇ ਮ੍ਰਿਤਕਾ ਦੇ ਮਾਮਾ ਕਸ਼ਮੀਰ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸਨੇ ਆਪਣੇ ਤਾਏ ਦੇ ਲੜਕੇ ਗੁਰਜੰਟ ਸਿੰਘ ਉਰਫ ਜੰਟਾ ਨਾਲ ਮਿਲ ਕੇ ਆਪਣੀ ਭਾਣਜੀ ਦੀ ਹੱਤਿਆ ਕੀਤੀ।
ਉਨ੍ਹਾਂ ਪੁਲਸ ਨੂੰ ਦੱਸਿਆ ਕਿ ਉਸਨੇ ਹੀ ਆਪਣੀ ਭਾਣਜੀ ਦਾ ਕਈ ਸਾਲ ਤੱਕ ਪਾਲਣ ਪੋਸ਼ਣ ਕੀਤਾ ਪਰ ਉਹ ਹੁਣ ਉਸਦੇ ਕਹਿਣੇ ਤੋਂ ਬਾਹਰ ਸੀ, ਉਸਨੇ ਕਈ ਵਾਰ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸਨੇ ਸਾਡੀ ਮਰਜ਼ੀ ਤੋਂ ਬਿਨਾਂ ਆਪਣੇ ਤੋਂ ਵੱਡੀ ਉਮਰ ਦੇ 55 ਸਾਲਾ ਵਿਅਕਤੀ ਨਾਲ ਵਿਆਹ ਕਰਵਾ ਲਿਆ, ਜਿਸ ਨਾਲ ਸਾਡੀ ਸਮਾਜ ਵਿਚ ਬਦਨਾਮੀ ਹੋ ਰਹੀ ਸੀ।
ਇਸ ਉਪਰੰਤ ਮੈਂ ਆਪਣੇ ਤਾਏ ਦੇ ਲੜਕੇ ਨੂੰ ਨਾਲ ਲੈ ਕੇ ਉਸ ਵੇਲੇ ਆਪਣੀ ਭੈਣ ਦੇ ਘਰ ਗੁਰੂ ਅੰਗਦ ਦੇਵ ਨਗਰ ਗਿਆ ਜਦੋਂ ਓਮ ਪ੍ਰਕਾਸ਼ ਘਰ ‘ਚ ਨਹੀਂ ਸੀ ਅਤੇ ਅਸੀਂ ਗੁਰਪ੍ਰੀਤ ਕੌਰ ਦੇ ਮੂੰਹ ਤੇ ਸਿਰਹਾਣਾ ਰੱਖ ਕੇ ਸਾਹ ਬੰਦ ਕਰ ਦਿੱਤਾ ਤੇ ਗਲਾ ਦਬਾਅ ਕੇ ਉਸਦੀ ਹੱਤਿਆ ਕਰ ਦਿੱਤੀ ਤੇ ਚੁੱਪ ਚਾਪ ਉਥੋਂ ਆ ਗਏ।
ਤਾਜਾ ਜਾਣਕਾਰੀ