BREAKING NEWS
Search

ਅਜਿਹੀ ਜਗ੍ਹਾ ਜਿੱਥੇ ਇਨਸਾਨਾਂ ਨੇ ਲਾਲਚ ਵਾਸਤੇ ਸੁਕਾ ਦਿੱਤਾ ਪੂਰਾ ਸਮੁੰਦਰ

ਅਰਾਲ ਸਾਗਰ ਦਾ ਸੁੱਕਣਾ ਕੁਦਰਤ ਦੇ ਖਿਲਾਫ ਇਨਸਾਨ ਦਾ ਸਭ ਤੋਂ ਵੱਡਾ ਜੁਰਮ ਹੈ। ਆਪਣੇ ਲਾਲਚ ਅਤੇ ਮੁਨਾਫੇ ਦੀ ਖਾਤਰ ਇਨਸਾਨ ਨੇ 68000 ਸੁਕੇਅਰ ਕਿਲੋਮੀਟਰ ਖੇਤਰ ਵਿੱਚ ਫੈਲੀ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੀ ਸੁਕਾ ਦਿੱਤੀ। ਇਹ ਝੀਲ ਐਨੀ ਵੱਡੀ ਸੀ ਕਿ ਇਸ ਨੂੰ ਸਮੁੰਦਰ ਹੀ ਕਿਹਾ ਜਾਂਦਾ ਸੀ।

ਇਸ ਵਿੱਚ ਰੂਸੀ ਸਮੁੰਦਰੀ ਫੌਜ ਦਾ ਅੱਡਾ ਸੀ ਤੇ ਮੱਛੀਆਂ ਪਕੜਨ ਵਾਲੇ ਜਹਾਜ ਚੱਲਦੇ ਸਨ। ਸੋਵੀਅਤ ਸੰਘ ਦੇ ਅਧੀਨ ਰਹੀ ਇਹ ਝੀਲ ਹੁਣ ਕਜ਼ਾਖਿਸਤਾਨ ਅਤੇ ਉਜ਼ਬੇਕਿਸਤਾਨ ਦਾ ਹਿੱਸਾ ਹੈ। ਅਰਾਲ ਤੁਰਕੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਟਾਪੂਆਂ ਦਾ ਸਮੁੰਦਰ।

ਇਥੇ ਕਿਸੇ ਸਮੇਂ 1100 ਟਾਪੂ ਸਨ ਜੋ ਹੁਣ ਵੱਡੇ ਰੇਗਿਸਤਾਨ ਵਿੱਚ ਤਬਦੀਲ ਹੋ ਗਏ ਹਨ। ਜਗ੍ਹਾ-ਜਗ੍ਹਾ ‘ਤੇ ਸੁੱਕੀ ਧਰਤੀ ‘ਤੇ ਸਮੁੰਦਰੀ ਜਹਾਜ ਅਤੇ ਕਿਸ਼ਤੀਆਂ ਪਾਣੀ ਦੀ ਅਣਹੋਂਦ ਕਾਰਨ ਉਲਟੇ ਪਏ ਧੂੜ ਚੱਟ ਰਹੇ ਹਨ। ਉਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਲਾਵਾਰਿਸ ਛੱਡ ਕੇ ਕਦੋਂ ਦੇ ਇਥੋਂ ਜਾ ਚੁੱਕੇ ਹਨ।ਇਸ ਝੀਲ ਦੀ ਬਰਬਾਦੀ ਦੀ ਕਹਾਣੀ 1960 ਵਿੱਚ ਸ਼ੁਰੂ ਹੋਈ ਜਦੋਂ ਸੋਵੀਅਤ ਸੰਘ ਦੇ ਰਾਸ਼ਟਰਪਤੀ ਨਿਕਿਤਾ ਖਰੁਸ਼ਚੋਵ ਨੇ ਕਜ਼ਾਖਿਸਤਾਨ ਅਤੇ ਉਜ਼ਬੇਕਿਸਤਾਨ ਦੇ ਖੁਸ਼ਕ ਪਰ ਉਪਜਾਊ ਇਲਾਕੇ ਨੂੰ ਸਿੰਜਣ ਲਈ ਨਹਿਰਾਂ ਕੱਢਣ ਦੀ ਯੋਜਨਾ ਬਣਾਈ। ਇਸ ਇਲਾਕੇ ਵਿੱਚ ਕਪਾਹ ਦੀ ਫਸਲ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਹ ਕੰਮ ਜ਼ਰੂਰੀ ਵੀ ਸੀ।
ਪਰ ਬਿਨਾਂ ਸੋਚੇ ਸਮਝੇ ਅਰਾਲ ਸਾਗਰ ਨੂੰ ਪਾਣੀ ਦੇਣ ਵਾਲੇ ਦੋਵੇਂ ਦਰਿਆਵਾਂ, ਸੀਰ ਅਤੇ ਅਮੂ ਨੂੰ ਡੈਮਾਂ ਰਾਹੀਂ ਪੂਰੀ ਤਰ੍ਹਾਂ ਬੰਨ੍ਹ ਕੇ ਮੱਧ ਏਸ਼ੀਆ ਦੀ ਸਭ ਤੋਂ ਵੱਡੀ ਕਰਾਰੁਰਮ ਅਤੇ ਹੋਰ ਕਈ ਨਹਿਰਾਂ ਕੱਢ ਦਿੱਤੀਆਂ ਗਈਆਂ। ਇਸ ਕਾਰਨ ਇਹ ਸਾਗਰ ਸਿਰਫ ਬਰਸਾਤ ਦੇ ਪਾਣੀ ‘ਤੇ ਨਿਰਭਰ ਹੋ ਕੇ ਰਹਿ ਗਿਆ ਜੋ ਇਸ ਅਰਧ ਮਾਰੂਥਲੀ ਇਲਾਕੇ ਵਿੱਚ ਵੈਸੇ ਹੀ ਬਹੁਤ ਘੱਟ ਹੁੰਦੀ ਹੈ।

ਨਵਾਂ ਪਾਣੀ ਘੱਟ ਪਹੁੰਚਣ ਕਾਰਨ ਝੀਲ ਦਾ ਪਾਣੀ ਗਰਮ ਹੋ ਗਿਆ ਤੇ ਉਸ ਦਾ ਵਸ਼ਪੀਕਰਣ ਕਈ ਗੁਣਾ ਵੱਧ ਗਿਆ। 1997 ਤੱਕ ਇਹ ਝੀਲ ਆਪਣੇ ਅਸਲ ਅਕਾਰ ਦਾ ਸਿਰਫ 10% ਹੀ ਰਹਿ ਗਈ ਤੇ ਇੱਕ ਦੀ ਬਜਾਏ ਚਾਰ ਝੀਲਾਂ ਵਿੱਚ ਵੰਡੀ ਗਈ। 2009 ਤੱਕ ਚਾਰ ਵਿੱਚੋਂ ਤਿੰਨ ਝੀਲਾਂ ਗਾਇਬ ਹੋ ਗਈਆਂ ਤੇ ਦੱਖਣ ਪੱਛਮੀ ਕਿਨਾਰੇ ‘ਤੇ ਹੁਣ ਵਾਲੀ ਇੱਕ ਛੋਟੀ ਜਿਹੀ ਪਾਣੀ ਦੀ ਪੱਟੀ ਰਹਿ ਗਈ। ਝੀਲ ਦੇ ਖਤਮ ਹੋ ਜਾਣ ਨਾਲ ਇੱਕ ਵਿਸ਼ਾਲ ਮਾਰੂਥਲ ਹੋਂਦ ਵਿੱਚ ਆ ਗਿਆ ਹੈ ਜਿਸ ਨੂੰ ਅਰਾਲਕੁਮ ਮਾਰੂਥਲ ਦਾ ਨਾਮ ਦਿੱਤਾ ਗਿਆ ਹੈ। ਅਰਾਲ ਸਾਗਰ ਦੀ ਹੋਣ ਵਾਲੀ ਤਬਾਹੀ ਬਾਰੇ ਸੋਵੀਅਤ ਇੰਜੀਨੀਅਰਾਂ ਨੂੰ ਮੁੱਢ ਤੋਂ ਹੀ ਪਤਾ ਸੀ। ਪਰ ਪੋਲਿਟ ਬਿਊਰੋ ਪੱਧਰ ‘ਤੇ ਲਏ ਗਏ ਫੈਸਲੇ ਕਾਰਨ ਕੋਈ ਕੁਝ ਨਾ ਕਰ ਸਕਿਆ।error: Content is protected !!